ਪੱਤਰ ਪ੍ਰੇਰਕ
ਚੰਡੀਗੜ੍ਹ, 31 ਮਾਰਚ
ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਸੁਸਾਇਟੀ, ਪਿੰਡ ਡੱਡੂਮਾਜਰਾ (ਚੰਡੀਗੜ੍ਹ) ਵੱਲੋਂ ਹੋਲੇ-ਮਹੱਲੇ ਦੇ ਸਬੰਧ ਵਿੱਚ ਪਿੰਡ ਡੱਡੂਮਾਜਰਾ ਦੇ ਖੇਡ ਸਟੇਡੀਅਮ ਵਿੱਚ ਖ਼ਾਲਸਈ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਡਾਇਰੈਕਟਰ ਖੇਡ ਵਿਭਾਗ ਚੰਡੀਗੜ੍ਹ ਤੇਜਦੀਪ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੁਸਾਇਟੀ ਦੇ ਪ੍ਰਧਾਨ ਦੇਵੀ ਦਿਆਲ ਸ਼ਰਮਾ, ਜਨਰਲ ਸਕੱਤਰ ਰਜਿੰਦਰ ਸਿੰਘ, ਪ੍ਰਚਾਰ ਸਕੱਤਰ ਗੁਰਰਾਜ ਸਿੰਘ ਅਤੇ ਕੈਸ਼ੀਅਰ ਮਾਸਟਰ ਮੋਹਨ ਸਿੰਘ ਨੇ ਦੱਸਿਆ ਕਿ ਖੇਡਾਂ ਦਾ ਸਮੁੱਚਾ ਪ੍ਰਬੰਧ ਸਮੂਹ ਗੁਰਦੁਆਰਾ ਸੰਗਠਨ ਚੰਡੀਗੜ੍ਹ ਦੇ ਚੇਅਰਮੈਨ ਤਾਰਾ ਸਿੰਘ ਦੀ ਰਹਿਨੁਮਾਈ ਹੇਠ ਕੀਤਾ ਗਿਆ।
ਪ੍ਰਚਾਰ ਸਕੱਤਰ ਗੁਰਰਾਜ ਸਿੰਘ ਨੇ ਦੱਸਿਆ ਕਿ ਖੇਡ ਟੂਰਨਾਮੈਂਟ ਵਿੱਚ ਵੱਖ-ਵੱਖ ਉਮਰ ਵਰਗ ਦੀਆਂ ਦੌੜਾਂ ਕਰਵਾਈਆਂ ਗਈਆਂ ਜਦਕਿ ਗੋਲਾ ਸੁੱਟਣ ਦੇ ਮੁਕਾਬਲੇ, ਔਰਤਾਂ ਦੀ ਚਾਟੀ ਰੇਸ, ਰੱਸਾਕਸ਼ੀ, ਲੈਮਨ ਰੇਸ, ਲੰਬੀ ਛਾਲ, ਸਕਿਪਿੰਗ ਰੇਸ, ਸਲੋ-ਸਾਈਕਲਿੰਗ ਤੇ ਚੇਅਰ ਰੇਸ ਮੁਕਾਬਲੇ ਵੀ ਕਰਵਾਏ ਗਏ। ਗੱਤਕਾ ਟੀਮਾਂ ਦਾ ਪ੍ਰਦਰਸ਼ਨ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਰੱਸਾਕਸ਼ੀ ਮੁਕਾਬਲੇ ਵਿੱਚ ਖਾਲਸਾ ਕਲੱਬ ਨੇ ਜਿੱਤ ਹਾਸਲ ਕੀਤੀ।