ਬਰਮਿੰਘਮ, 3 ਅਗਸਤ
ਭਾਰਤ ਦੀ ਲਵਲੀ ਚੌਬੇ ਤੇ ਨਯਨਮੋਨੀ ਸੈਕਿਆ ਨੇ ਅੱਜ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਲਾਅਨ ਬਾਲਜ਼ ਮੁਕਾਬਲਿਆਂ ਦੇ ਮਹਿਲਾ ਪੇਅਰਜ਼ ਵਿਚ ਨੀਯੂ ਦੀ ਹਿਨਾ ਰੇਰੇਤੀ ਤੇ ਓਲੀਵੀਆ ਬਕਿੰਘਮ ਨੂੰ 18-5 ਨਾਲ ਹਰਾਇਆ। ਲਵਲੀ ਤੇ ਚੌਬੇ ਦੋਵੇਂ ਉਸ ਮਹਿਲਾ ਫੋਰ ਟੀਮ ਦਾ ਵੀ ਹਿੱਸਾ ਸਨ ਜਿਸ ਨੇ ਮੰਗਲਵਾਰ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਇਤਿਹਾਸਕ ਸੋਨ ਤਗਮਾ ਜਿੱਤਿਆ ਸੀ। ਭਾਰਤੀ ਟੀਮ ਦਾ ਸਾਹਮਣਾ ਹੁਣ ਦੱਖਣ ਅਫ਼ਰੀਕਾ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਮੰਗਲਵਾਰ ਭਾਰਤ ਦੀ ਲਵਲੀ ਚੌਬੇ (ਲੀਡ), ਪਿੰਕੀ (ਸੈਕਿੰਡ), ਨਯਨਮੋਨੀ ਸੈਕਿਆ (ਥਰਡ) ਤੇ ਰੂਪਾ ਰਾਨੀ ਟਿਰਕੀ (ਸਲਿਪ) ਦੀ ਚੌਕੜੀ ਨੇ ਦੱਖਣੀ ਅਫ਼ਰੀਕਾ ਨੂੰ ਫਾਈਨਲ ਵਿਚ 17-0 ਨਾਲ ਮਾਤ ਦਿੱਤੀ ਸੀ। ਖੇਡ ਦੇ ਮਹਿਲਾ ਫੋਰ ਮੁਕਾਬਲੇ ਵਿਚ ਭਾਰਤ ਪਹਿਲੀ ਵਾਰ ਉਤਰਿਆ ਸੀ। ਭਾਰਤੀ ਦਲ ਦਾ ਇਹ ਚੌਥਾ ਸੋਨ ਤਗਮਾ ਸੀ। ਵੇਟਲਿਫ਼ਟਿੰਗ ਤੋਂ ਇਲਾਵਾ ਕਿਸੇ ਮੁਕਾਬਲੇ ਵਿਚ ਇਹ ਪਹਿਲਾ ਸੋਨ ਤਗਮਾ ਵੀ ਸੀ। ਭਾਰਤੀ ਖਿਡਾਰੀਆਂ ਨੇ ਧੀਰਜ ਰੱਖਦਿਆਂ ਆਖ਼ਰੀ ਤਿੰਨ ਦੌਰ ਜਿੱਤੇ ਸਨ। ਭਾਰਤੀ ਮਹਿਲਾ ਟੀਮ ਨੇ ਰਾਸ਼ਟਰਮੰਡਲ ਖੇਡਾਂ ਦੇ ਲਾਅਨ ਬਾਲਸ ਦੇ ਟ੍ਰਿੱਪਲ ਮੁਕਾਬਲੇ ਦੇ ਪਹਿਲੇ ਮੈਚ ਵਿਚ ਮੰਗਲਵਾਰ ਨਿਊਜ਼ੀਲੈਂਡ ਨੂੰ ਵੀ ਹਰਾਇਆ ਸੀ। ਇਸੇ ਦੌਰਾਨ ਪੁਰਸ਼ ਸਿੰਗਲਜ਼ ਵਿਚ ਭਾਰਤ ਦੇ ਮ੍ਰਿਦੁਲ ਬੋਰਗੋਹੇਨ ਨੇ ਫਾਲਕਨ ਆਈਲੈਂਡ ਦੇ ਖਿਡਾਰੀ ਨੂੰ ਮਾਤ ਦਿੱਤੀ। -ਪੀਟੀਆਈ