ਲੰਡਨ: ਇੱਥੇ ਭਾਰਤ ਨੇ ਇੰਗਲੈਂਡ ਨੂੰ ਪਹਿਲੇ ਇਕ ਰੋਜ਼ਾ ਮੈਚ ਵਿਚ ਦਸ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਭਾਰਤ ਨੇ ਬਿਨਾਂ ਕੋਈ ਵਿਕਟ ਗੁਆਏ 18.4 ਓਵਰਾਂ ਵਿਚ ਹੀ 114 ਦੌੜਾਂ ਬਣਾ ਕੇ ਜੇਤੂ ਟੀਚਾ ਪੂਰਾ ਕੀਤਾ। ਇਸ ਤੋਂ ਪਹਿਲਾਂ ਇੰਗਲੈਂਡ ਦੀ ਸਾਰੀ ਟੀਮ 110 ਦੌੜਾਂ ’ਤੇ ਆਊਟ ਹੋ ਗਈ ਸੀ। ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਰੂ ਤੋਂ ਖੁੱਲ੍ਹ ਕੇ ਖੇਡੇ। ਕਪਤਾਨ ਰੋਹਿਤ ਸ਼ਰਮਾ ਨੇ 76 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਦਕਿ ਸ਼ਿਖਰ ਧਵਨ ਨੇ 31 ਦੌੜਾਂ ਬਣਾਈਆਂ। ਇਸ ਤੋ ਪਹਿਲਾਂ ਇੰਗਲੈਂਡ ਦੀ ਸਾਰੀ ਟੀਮ 110 ਦੌੜਾਂ ਬਣਾ ਕੇ ਹੀ ਆਊਟ ਹੋ ਗਈ। ਭਾਰਤੀ ਟੀਮ ਨੇ ਟੀ 20 ਲੜੀ ਵਿਚ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ। ਇੰਗਲੈਂਡ ਦੇ ਖਿਡਾਰੀ ਸਿਰਫ 25.2 ਓਵਰ ਹੀ ਖੇਡ ਸਕੇ। ਇਹ ਇੰਗਲੈਂਡ ਦੀ ਟੀਮ ਦਾ ਭਾਰਤ ਖਿਲਾਫ਼ ਹੁਣ ਤਕ ਦਾ ਸਭ ਤੋਂ ਘੱਟ ਸਕੋਰ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ 7.2 ਓਵਰਾਂ ਵਿਚ 19 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਅਸ਼ੀਸ਼ ਨੇਹਰਾ ਨੇ ਸਾਲ 2003 ਦੇ ਵਿਸ਼ਵ ਕੱਪ ਵਿਚ ਇੰਗਲੈਂਡ ਖ਼ਿਲਾਫ਼ 23 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ ਸਨ ਪਰ ਅੱਜ ਜਸਪ੍ਰੀਤ ਬੁਮਰਾਹ ਨੇ ਇਹ ਰਿਕਾਰਡ ਤੋੜ ਦਿੱਤਾ। -ਪੀਟੀਆਈ