ਰਾਂਚੀ, 26 ਫਰਵਰੀ
ਆਪਣੀ ਧਰਤੀ ’ਤੇ ਇੱਕ ਵਾਰ ਫਿਰ ਬਾਦਸ਼ਾਹੀ ਸਾਬਤ ਕਰਦਿਆਂ ਭਾਰਤੀ ਟੀਮ ਨੇ ‘ਬੈਜਬਾਲ’ ਨੂੰ ਬੇਅਸਰ ਸਾਬਤ ਕਰ ਦਿੱਤਾ ਅਤੇ ਚੌਥੇ ਕ੍ਰਿਕਟ ਟੈਸਟ ਵਿੱਚ ਇੰਗਲੈਂਡ ਨੂੰ ਚੌਥੇ ਹੀ ਦਿਨ ਪੰਜ ਵਿਕਟਾਂ ਨਾਲ ਹਰਾ ਕੇ ਆਪਣੀ ਮੇਜ਼ਬਾਨੀ ਵਿੱਚ ਲਗਾਤਾਰ 17ਵੀਂ ਲੜੀ ਜਿੱਤੀ। ਇਸ ਦੌਰਾਨ ਧਰੁਵ ਜੁਰੇਲ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਜਿੱਤ ਲਈ 192 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ ਅੱਜ ਸਵੇਰੇ 40 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 44 ਗੇਂਦਾਂ ’ਤੇ 37 ਦੌੜਾਂ ਅਤੇ ਕਪਤਾਨ ਰੋਹਿਤ ਸ਼ਰਮਾ ਨੇ 81 ਗੇਂਦਾਂ ’ਤੇ 55 ਦੌੜਾਂ ਬਣਾ ਕੇ ਕੁੱਲ 84 ਦੌੜਾਂ ਦਾ ਯੋਗਦਾਨ ਪਾਇਆ। ਦੋਵਾਂ ਦੇ ਆਊਟ ਹੋਣ ਮਗਰੋਂ ਰਜਤ ਪਾਟੀਦਾਰ ਅਤੇ ਰਵਿੰਦਰ ਜਡੇਜਾ ਵੀ ਛੇਤੀ ਹੀ ਆਊਟ ਹੋ ਗਿਆ ਪਰ ਸ਼ੁਭਮਨ ਗਿੱਲ ਨੇ ਨਾਬਾਦ 52 ਦੌੜਾਂ ਅਤੇ ਧਰੁਵ ਜੁਰੇਲ ਨੇ ਨਾਬਾਦ 39 ਦੌੜਾਂ ਨਾਲ 72 ਦੌੜਾਂ ਦੀ ਭਾਈਵਾਲੀ ਨਾਲ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਭਾਰਤ ਨੇ ਲੜੀ ਵਿੱਚ 3-1 ਦੀ ਜੇਤੂ ਲੀਡ ਬਣਾ ਲਈ, ਜਦਕਿ ਪੰਜਵਾਂ ਅਤੇ ਆਖ਼ਰੀ ਮੈਚ ਸੱਤ ਮਾਰਚ ਤੋਂ ਧਰਮਸ਼ਾਲਾ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਆਪਣੀ ਧਰਤੀ ’ਤੇ ਆਖਰੀ ਵਾਰ 2012-13 ਵਿੱਚ ਇਲੇਸਟੇਅਰ ਕੁੱਕ ਦੀ ਅਗਵਾਈ ਵਾਲੀ ਇੰਗਲੈਂਡ ਟੀਮ ਤੋਂ ਹਾਰੀ ਸੀ। ਇਸ ਮਗਰੋਂ ਆਪਣੀ ਮੇਜ਼ਬਾਨੀ ਵਿੱਚ ਭਾਰਤ ਨੇ 50 ਵਿੱਚੋਂ 39 ਟੈਸਟ ਮੈਚ ਜਿੱਤੇ ਹਨ। ਨਿੱਜੀ ਕਾਰਨਾਂ ਕਰਕੇ ਲੜੀ ’ਚੋਂ ਬਾਹਰ ਵਿਰਾਟ ਕੋਹਲੀ ਅਤੇ ਜ਼ਖ਼ਮੀ ਕੇਐੱਲ ਰਾਹੁਲ ਤੋਂ ਬਿਨਾਂ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੈਦਰਾਬਾਦ ਵਿੱਚ ਪਹਿਲੇ ਟੈਸਟ ’ਚ ਮਿਲੀ ਹਾਰ ਮਗਰੋਂ ਲਗਾਤਾਰ ਤਿੰਨ ਜਿੱਤ ਦਰਜ ਕੀਤੀਆਂ। ਭਾਰਤੀ ਖਿਡਾਰੀਆਂ ਸਰਫਰਾਜ਼ ਖ਼ਾਨ, ਜੁਰੇਲ ਅਤੇ ਤੇਜ਼ ਗੇਂਦਬਾਜ਼ ਆਕਾਸ਼ਦੀਪ ਨੇ ਮੌਕੇ ਦਾ ਬਾਖੂਬੀ ਲਾਹਾ ਲਿਆ। ਇੰਗਲੈਂਡ ਲਈ ਬਸ਼ੀਰ ਨੇ ਆਪਣੇ ਦੂਜੇ ਟੈਸਟ ਵਿੱਚ ਅੱਠ ਵਿਕਟਾਂ ਲਈਆਂ। -ਪੀਟੀਆਈ
ਭਾਰਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ ’ਚ ਦੂਜੇ ਸਥਾਨ ’ਤੇ
ਦੁਬਈ: ਭਾਰਤ ਨੇ ਅੱਜ ਰਾਂਚੀ ਵਿੱਚ ਚੌਥੇ ਟੈਸਟ ਵਿੱਚ ਬੈਨ ਸਟੋਕਸ ਦੀ ਅਗਵਾਈ ਵਾਲੀ ਇੰਗਲੈਂਡ ਦੀ ਟੀਮ ਖ਼ਿਲਾਫ਼ ਪੰਜ ਵਿਕਟਾਂ ਦੀ ਜਿੱਤ ਨਾਲ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਸੂਚੀ ਵਿੱਚ ਦੂਜੇ ਸਥਾਨ ’ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੇਜ਼ਬਾਨ ਟੀਮ ਨੇ ਪੰਜ ਟੈਸਟ ਮੈਚਾਂ ਦੀ ਲੜੀ ਵਿੱਚ 3-1 ਦੀ ਜੇਤੂੁ ਲੀਡ ਬਣਾ ਲਈ ਹੈ। ਸਖ਼ਤ ਮੁਕਾਬਲੇ ਵਿੱਚ ਜਿੱਤ ਮਗਰੋਂ ਭਾਰਤ ਦਾ ਅੰਕ ਫ਼ੀਸਦ 59.52 ਤੋਂ ਵਧ ਕੇ 64.58 ਹੋ ਗਿਆ ਹੈ। ਭਾਰਤ ਨੇ ਕਰਮਵਾਰ ਤੀਜੇ ਅਤੇ ਚੌਥੇ ਸਥਾਨ ’ਤੇ ਮੌਜੂਦ ਆਸਟਰੇਲੀਆ (55 ਫੀਸਦੀ ਅੰਕ) ਅਤੇ ਬੰਗਲਾਦੇਸ਼ (50 ਫੀਸਦੀ ਅੰਕ) ’ਤੇ ਮਜ਼ਬੂਤ ਲੀਡ ਬਣਾ ਲਈ ਹੈ। ਇੰਗਲੈਂਡ 19.44 ਫੀਸਦੀ ਅੰਕ ਨਾਲ ਅੱਠਵੇਂ ਸਥਾਨ ’ਤੇ ਹੈ। ਸ੍ਰੀਲੰਕਾ ਨੌਵੇਂ ਸਥਾਨ ’ਤੇ ਹੈ, ਜਿਸ ਨੇ ਅਜੇ ਖਾਤਾ ਨਹੀਂ ਖੋਲ੍ਹਿਆ ਹੈ। ਭਾਰਤ ਨੇ ਮੌਜੂਦਾ ਡਬਲਿਊਟੀਸੀ ਵਿੱਚ ਹੁਣ ਤੱਕ ਅੱਠ ਟੈਸਟ ਖੇਡੇ ਹਨ, ਜਿਨ੍ਹਾਂ ਵਿੱਚੋਂ ਪੰਜ ਵਿੱਚ ਉਸ ਨੂੰ ਜਿੱਤ ਅਤੇ ਦੋ ਵਿੱਚ ਹਾਰ ਮਿਲੀ, ਜਦਕਿ ਇੱਕ ਮੈਚ ਡਰਾਅ ਰਿਹਾ ਹੈ। -ਪੀਟੀਆਈ