ਕੋਲੰਬੋ, 23 ਜੁਲਾਈ
ਪਾਕਿਸਤਾਨ-ਏ ਕ੍ਰਿਕਟ ਟੀਮ ਨੇ ਤਈਅਬ ਤਾਹਿਰ ਦੇ ਸੈਂਕੜੇ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅੱਜ ਇੱਥੇ ਭਾਰਤ-ਏ ਨੂੰ 129 ਦੌੜਾਂ ਨਾਲ ਹਰਾ ਕੇ ਐਮਰਜਿੰਗ ਏਸ਼ੀਆ ਕੱਪ ਜਿੱਤ ਲਿਆ। ਪਾਕਿਸਤਾਨ ਨੇ ਜਿੱਤ ਲਈ 353 ਦੌੜਾਂ ਦੇ ਦਾ ਟੀਚਾ ਦਿੱਤਾ ਸੀ ਜਿਸ ਦੇ ਜਵਾਬ ’ਚ ਭਾਰਤੀ ਟੀਮ 40 ਓਵਰਾਂ ’ਚ ਸਿਰਫ 224 ਦੌੜਾਂ ’ਤੇ ਹੀ ਆਊਟ ਹੋ ਗਈ। ਟੀਚੇ ਦਾ ਪਿੱਛਾ ਕਰਦਿਆਂ ਭਾਰਤ-ਏ ਦੇ ਸਲਾਮੀ ਬੱਲਬਾਜ਼ਾਂ ਅਭਿਸ਼ੇਕ ਸ਼ਰਮਾ (61 ਦੌੜਾਂ) ਅਤੇ ਸਾਈ ਸੁਦਰਸ਼ਨ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ ਪਰ ਦੋਵਾਂ ਦੇ ਆਊਟ ਹੋਣ ਮਗਰੋਂ ਕਪਤਾਨ ਯਸ਼ ਢੱਲ (39 ਦੌੜਾਂ) ਤੋਂ ਇਲਾਵਾ ਬਾਕੀ ਬੱਲੇਬਾਜ਼ ਕੁਝ ਖਾਸ ਨਾ ਕਰ ਸਕੇ ਅਤੇ ਪੂਰੀ ਟੀਮ 224 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਵੱਲੋਂ ਐੱਸ. ਮੁਕੀਮ ਨੇ 3 ਵਿਕਟਾਂ ਜਦਕਿ ਐੱਮ. ਮੁਮਤਾਜ਼, ਅਰਸ਼ਦ ਇਕਬਾਲ ਅਤੇ ਮੁਹੰਮਦ ਵਸੀਮ (ਜੂਨੀਅਰ) ਨੇ 2-2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਪਾਕਿਸਤਾਨ-ਏ ਟੀਮ ਨੇ ਨਿਰਧਾਰਿਤ 50 ਓਵਰਾਂ ’ਚ ਤਈਅਬ ਤਾਹਿਰ (108 ਦੌੜਾਂ) ਦੇ ਸੈਂਕੜੇ ਅਤੇ ਸੈਮ ਅਯੂਬ ਅਤੇ ਐੱਸ. ਫਰਹਾਨ ਦੇ ਨੀਮ ਸੈਂਕੜਿਆਂ ਸਦਕਾ 8 ਵਿਕਟਾਂ ਗੁਆ 352 ਦੌੜਾਂ ਬਣਾਈਆਂ। ਸਲਾਮੀ ਬੱਲਬਾਜ਼ਾਂ ਸੈਮ ਅਯੂਬ (59 ਦੌੜਾਂ) ਅਤੇ ਸਾਹਿਬਜ਼ਾਦਾ ਫਰਹਾਨ (65 ਦੌੜਾਂ) ਨੇ ਨੀਮ ਸੈਂਕੜੇ ਜੜਦਿਆਂ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ। ਇਸ ਮਗਰੋਂ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਤਈਅਬ ਤਾਹਿਰ ਨੇ 71 ਗੇਂਦਾਂ ’ਤੇ 108 ਦੌੜਾਂ ਦੀ ਤੇਜ਼-ਤੱਰਾਰ ਪਾਰੀ ਖੇਡੀ ਅਤੇ ਟੀਮ ਦਾ ਸਕੋਰ 322 ਦੌੜਾਂ ਤੱਕ ਪਹੁੰਚਾਇਆ। ਤਾਹਿਰ ਨੇ ਆਪਣੀ ਪਾਰੀ ਦੌਰਾਨ 12 ਚੌਕੇ ਅਤੇ 4 ਛੱਕੇ ਮਾਰੇ। ਟੀਮ ਦਾ ਸਕੋਰ 352 ਦੌੜਾਂ ਤੱਕ ਪਹੁੰਚਾਉਣ ਵਿੱਚ ਓਮੈਰ ਯੂਸਫ ਅਤੇ ਮੁਬੱਸ਼ਿਰ ਖ਼ਾਨ ਨੇ 35-35 ਦੌੜਾਂ ਜਦਕਿ ਮੁਹੰਮਦ ਵਸੀਮ (ਜੂਨੀਅਰ) ਨੇ 17 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਵੱਲੋਂ ਗੇਂਦਬਾਜ਼ ਆਰ.ਐੱਸ. ਹੰਗਰਗੇਕਰ ਅਤੇ ਰਯਾਨ ਪਰਾਗ ਨੇ 2-2 ਵਿਕਟਾਂ ਲਈ ਜਦਕਿ ਹਰਸ਼ਿਤ ਰਾਣਾ, ਮਾਨਵ ਸੁਥਰ ਅਤੇ ਨਿਸ਼ਾਂਤ ਸਿੰਧੂ ਨੂੰ ਇੱਕ ਇੱਕ ਵਿਕਟ ਮਿਲੀ। -ਪੀਟੀਆਈ