ਕੋਲਕਾਤਾ, 12 ਨਵੰਬਰ
ਭਾਰਤ ਦਾ ਸਿਖਰਲਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਬੁੱਧਵਾਰ ਨੂੰ ਇੰਦੌਰ ਵਿੱਚ ਮੱਧ ਪ੍ਰਦੇਸ਼ ਖ਼ਿਲਾਫ਼ ਰਣਜੀ ਟਰਾਫੀ ਮੈਚ ਵਿੱਚ ਬੰਗਾਲ ਲਈ ਖੇਡ ਕੇ ਕ੍ਰਿਕਟ ਵਿੱਚ ਲਗਪਗ ਸਾਲ ਬਾਅਦ ਵਾਪਸੀ ਕਰੇਗਾ। ਗਿੱਟੇ ’ਤੇ ਸੱਟ ਲੱਗਣ ਕਾਰਨ ਪਿਛਲੇ ਸਾਲ 19 ਨਵੰਬਰ ਨੂੰ ਵਿਸ਼ਵ ਕੱਪ 2023 ਦੇ ਫਾਈਨਲ ਤੋਂ ਬਾਅਦ ਉਸ ਨੇ ਕ੍ਰਿਕਟ ਨਹੀਂ ਖੇਡੀ। ਉਹ ਬੰਗਲੂਰੂ ਵਿੱਚ ਬੀਸੀਸੀਆਈ ਸੈਂਟਰ ਆਫ ਐਕਸੀਲੈਂਸ ’ਚ ਲੰਮਾ ਸਮਾਂ ਬਿਤਾਉਣ ਤੋਂ ਬਾਅਦ ਮੈਦਾਨ ਵਿੱਚ ਆਪਣੀ ਮੈਚ ਫਿਟਨੈੱਸ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ। ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਨਰੇਸ਼ ਓਝਾ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਭਾਰਤੀ ਕ੍ਰਿਕਟ ਟੀਮ ਦਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਬੁੱਧਵਾਰ ਤੋ ਇੰਦੌਰ ਵਿੱਚ ਮੱਧ ਪ੍ਰਦੇਸ਼ ਖ਼ਿਲਾਫ਼ ਸ਼ੁਰੂ ਹੋ ਰਹੇ ਬੰਗਾਲ ਦੇ ਰਣਜੀ ਟਰਾਫੀ ਇਲੀਟ ਗਰੁੱਪ-ਸੀ ਮੈਚ ਰਾਹੀਂ ਕ੍ਰਿਕਟ ਵਿੱਚ ਵਾਪਸੀ ਕਰੇਗਾ। ਇਸ ਨਾਲ ਬੰਗਾਲ ਰਣਜੀ ਟਰਾਫੀ ਟੀਮ ਨੂੰ ਮਜ਼ਬੂਤੀ ਮਿਲੇਗੀ। ਓਝਾ ਨੇ ਕਿਹਾ ਕਿ ਸ਼ਮੀ ਬੰਗਾਲ ਦੀ ਤੇਜ਼ ਗੇਂਦਬਾਜ਼ੀ ਦੀ ਅਗਵਾਈ ਕਰੇਗਾ। ਮੌਜੂਦਾ ਸਮੇਂ ਆਸਟਰੇਲੀਆ ਵਿੱਚ ਮੌਜੂਦ ਭਾਰਤ ਦੇ ਥਿੰਕ ਟੈਂਕ ਦੀਆਂ ਨਜ਼ਰਾਂ ਵੀ ਉਸ ਦੇ ਪ੍ਰਦਰਸ਼ਨ ’ਤੇ ਟਿਕੀਆਂ ਹੋਣਗੀਆਂ। ਸ਼ਮੀ ਨੇ 2018-19 ਵਿੱਚ ਆਸਟਰੇਲੀਆ ਵਿੱਚ ਭਾਰਤ ਨੂੰ ਟੈਸਟ ਲੜੀ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। -ਪੀਟੀਆਈ