ਡਰਹਮ (ਇੰਗਲੈਂਡ), 17 ਜੁਲਾਈ
ਕਪਤਾਨ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਸਮੇਤ ਭਾਰਤੀ ਕ੍ਰਿਕਟ ਟੀਮ ਦੇ ਸਿਖਰਲੇ ਖਿਡਾਰੀਆਂ ਨੇ ਅੱਜ ਡਰਹਮ ਕਾਊਂਟੀ ਕ੍ਰਿਕਟ ਕਲੱਬ ਦੇ ਗਰਾਊਂਡ ਵਿੱਚ ਨੈੱਟ ਅਭਿਆਸ ਕੀਤਾ। ਇਸੇ ਦੌਰਾਨ ਇੰਗਲੈਂਡ ਦੇ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਕੋਹਲੀ ਤੇ ਰੋਹਿਤ ਦੇ ਨਾਲ ਚੇਤੇਸ਼ਵਰ ਪੁਜਾਰਾ ਤੇ ਲੋਕੇਸ਼ ਰਾਹੁਲ ਵੀ ਨੈੱਟ ’ਤੇ ਅਭਿਆਸ ਕੀਤਾ। ਭਾਰਤੀ ਟੀਮ ਨੇ ਟੈਸਟ ਸੀਰੀਜ਼ ਤੋਂ ਪਹਿਲਾਂ 20 ਜੁਲਾਈ ਨੂੰ ਕਾਊਂਟੀ ਦੀ ਸੰਯੁਕਤ ਟੀਮ ਨਾਲ ਅਭਿਆਸ ਮੈਚ ਖੇਡਣਾ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ 4 ਅਗਸਤ ਤੋਂ ਸ਼ੁਰੂ ਹੋ ਰਹੀ ਹੈ। -ਏਜੰਸੀ