ਅਮ੍ਰਤ
ਚੰਡੀਗੜ੍ਹ: ਕੋਵਿਡ ਪ੍ਰੋਟੋਕੋਲ ਦੀ ਪਾਲਣਾ ਅਤੇ ਪੂਰੀ ਸਾਵਧਾਨੀ ਦੇ ਬਾਵਜੂਦ ਟੋਕੀਓ ਓਲੰਪਿਕ ਕਿਸੇ ਵੇਲੇ ਵੀ ਖ਼ਤਰੇ ’ਚ ਘਿਰ ਸਕਦਾ ਹੈ। ਹੁਣ ਤੱਕ ਖੇਡਾਂ ਨਾਲ ਸਬੰਧਤ 75 ਵਿਅਕਤੀ ਕਰੋਨਾ ਪਾਜ਼ੇਟਿਵ ਮਿਲੇ ਹਨ। ਇਨ੍ਹਾਂ ਵਿੱਚ ਅਥਲੀਟ, ਪੱਤਰਕਾਰ, ਵਾਲੰਟੀਅਰ ਕਾਮੇ ਤੇ ਪ੍ਰਬੰਧਕੀ ਅਮਲੇ ਦੇ ਮੈਂਬਰ ਵੀ ਸ਼ਾਮਲ ਹਨ। ਇਹ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ ਜਦਕਿ ਖੇਡਾਂ ਦਾ ਉਦਘਾਟਨ ਹੋਣ ਵਾਲਾ ਹੈ। ਪ੍ਰਬੰਧਕੀ ਕਮੇਟੀ ਦਾ ਕਹਿਣਾ ਹੈ ਕਿ ਜੇ ਕਰੋਨਾ ਦੇ ਕੇਸਾਂ ਦੀ ਗਿਣਤੀ ਹੋਰ ਵਧੀ ਤਾਂ ਖੇਡਾਂ ਮੁਲਤਵੀ ਕਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰਬੰਧਕੀ ਕਮੇਟੀ ਦੇ ਮੁਖੀ ਤੋਸ਼ੀਰੋ ਮੁਟੋ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੂਰੇ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜੇ ਮਰੀਜ਼ਾਂ ਦੀ ਗਿਣਤੀ ਦਾ ਵਾਧਾ ਨਾ ਰੁਕਿਆ ਤਾਂ ਹਾਲਾਤ ਮੁਤਾਬਕ ਅਗਲੇ ਫੈਸਲੇ ਲਏ ਜਾਣਗੇ। ਕੌਮਾਂਤਰੀ ਓਲੰਪਿਕ ਕਮੇਟੀ ਦੇ ਮੁਖੀ ਥੌਮਸ ਬਾਕ ਵੀ ਟੋਕੀਓ ’ਚ ਬਣ ਰਹੇ ਹਾਲਾਤ ਤੋਂ ਚਿੰਤਾ ਵਿੱਚ ਹਨ। ਉਨ੍ਹਾਂ ਮੰਨਿਆ ਕਿ ਸਥਿਤੀ ਉਨ੍ਹਾਂ ਦੇ ਅਨੁਮਾਨ ਤੋਂ ਕਿਤੇ ਵੱਧ ਗੁੰਝਲਦਾਰ ਹੁੰਦੀ ਜਾ ਰਹੀ ਹੈ। ਆਉਣ ਵਾਲਾ ਸਮਾਂ ਚਿੰਤਾ ਤੇ ਬੇਚੈਨੀ ਵਾਲਾ ਹੈ। ਹਾਲੇ ਯਕੀਨ ਨਾਲ ਕੁਝ ਨਹੀਂ ਕਿਹਾ ਜਾ ਸਕਦਾ। ਕਈ ਤਰ੍ਹਾਂ ਦੇ ਸ਼ੰਕੇ ਹਨ। ਇਸ ਦੌਰਾਨ ਕੁਝ ਲੋਕ ਜਾਪਾਨ ਸਰਕਾਰ ’ਤੇ ਵੀ ਉਂਗਲ ਰੱਖ ਰਹੇ ਹਨ ਕਿ ਉਸ ਨੇ ਵੈਕਸੀਨੇਸ਼ਨ ਪ੍ਰਬੰਧਾਂ ’ਚ ਢਿੱਲ ਵਰਤੀ, ਪਰ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਇਸ ਤੋਂ ਇਨਕਾਰ ਕਰਦੇ ਹਨ ਤੇ ਭਰੋਸਾ ਦਿੰਦੇ ਹਨ ਕਿ ਸਾਰਿਆਂ ਦੀ ਸਿਹਤ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਭਾਦੋਂ ਵਾਲਾ ਰੰਗ
ਜਾਪਾਨ ਨੂੰ ਓਲੰਪਿਕ ਖੇਡਾਂ ਦੀ ਮੇਜ਼ਬਾਨੀ 2013 ਵਿੱਚ ਮਿਲੀ ਸੀ। ਉਦੋਂ ਮੇਜ਼ਬਾਨਾਂ ਨੇ ਇਹ ਦੱਸਿਆ ਸੀ ਕਿ ਟੋਕੀਓ ’ਚ ਜੁਲਾਈ-ਅਗਸਤ ਦਾ ਮੌਸਮ ਖੇਡਣ ਲਈ ਕਾਫੀ ਢੁਕਵਾਂ ਹੁੰਦਾ ਹੈ ਤੇ ਖਿਡਾਰੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ, ਪਰ ਸ਼ਾਇਦ ਮੌਸਮ ਵੀ ਰੰਗ ਬਦਲ ਗਿਆ। ਟੋਕੀਓ ਦਾ ਔਸਤਨ ਤਾਪਮਾਨ 28 ਡਿਗਰੀ ਦੇ ਕਰੀਬ ਚੱਲ ਰਿਹਾ ਹੈ ਅਤੇ ਜੇ ਤਾਪਮਾਨ, ਹੁੰਮਸ, ਹਵਾ ਤੇ ਸੂਰਜੀ ਰੇਡੀਏਸ਼ਨ ਨੂੰ ਜੋੜ ਲਿਆ ਜਾਵੇ ਤਾਂ ਇਹ 31 ਤੋਂ 32 ਡਿਗਰੀ ਦੇ ਨੇੜੇ ਪਹੁੰਚ ਜਾਂਦਾ ਹੈ। ਅਨੁਮਾਨ ਹੈ ਕਿ ਅਗਲੇ ਦਿਨਾਂ ’ਚ ਤਾਪਮਾਨ ਘਟ ਜਾਵੇਗਾ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਤਾਪਮਾਨ ਹੋਰ ਵਧਦਾ ਹੈ ਤਾਂ ਇਹ ਖਿਡਾਰੀਆਂ ਦੀ ਸਿਹਤ ਲਈ ਖ਼ਤਰਾ ਬਣ ਸਕਦਾ ਹੈ। ਇਸ ਵੇਲੇ ਦੁਨੀਆ ਭਰ ਤੋਂ ਇਥੇ ਪਹੁੰਚੇ ਖਿਡਾਰੀ ਗਰਮੀ ਤੇ ਹੁੰਮਸ ਤੋਂ ਪ੍ਰੇਸ਼ਾਨ ਹਨ। ਇਸ ਓਲੰਪਿਕ ਨੂੰ ਹੁਣ ਤੱਕ ਦਾ ਸਭ ਤੋਂ ਗਰਮ ਮੰਨਿਆ ਜਾ ਰਿਹਾ ਹੈ। ਖਾਸ ਕਰਕੇ ਬੀਚ ਵਾਲੀਬਾਲ ਦੀ ਪ੍ਰੈਕਟਿਸ ਕਰਦੇ ਖਿਡਾਰੀ ਤਪਦੀ ਰੇਤ ਤੋਂ ਪ੍ਰੇਸ਼ਾਨ ਹਨ।
ਨਫ਼ਾ-ਨੁਕਸਾਨ
ਇਹ ਗੱਲ ਮੰਨ ਕੇ ਹੀ ਚੱਲਿਆ ਜਾਂਦਾ ਹੈ ਕਿ ਓਲੰਪਿਕ ਦੀ ਮੇਜ਼ਬਾਨੀ ਦਾ ਖਰਚਾ ਮੁੱਢਲੇ ਅਨੁਮਾਨਾਂ ਤੋਂ ਕਿਤੇ ਵੱਧ ਹੋਵੇਗਾ। ਜਾਪਾਨ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਇਸ ਦਾ ਮੁੱਖ ਕਾਰਨ ਤਾਂ ਇਹ ਹੈ ਕਿ ਜਦੋਂ ਤੱਕ ਖੇਡਾਂ ਹੁੰਦੀਆਂ ਹਨ ਉਦੋਂ ਤੱਕ ਮੇਜ਼ਬਾਨੀ ਮਿਲਣ ਵੇਲੇ ਦੇ ਮੁਕਾਬਲੇ ਲਾਗਤ ਕਾਫੀ ਵਧ ਜਾਂਦੀ ਹੈ। ਦੂਜਾ ਇਥੇ ਕਰੋਨਾ ਕਾਰਨ ਖੇਡਾਂ ਇਕ ਸਾਲ ਲਈ ਮੁਲਤਵੀ ਕਰਨੀਆਂ ਪੈ ਗਈਆਂ ਤੇ ਫਿਰ ਸਾਰਾ ਕੁਝ ਦੁੱਗਣੇ ਭਾਅ ’ਚ ਪਿਆ। ਮੁੱਢਲਾ ਅਨੁਮਾਨ 55 ਹਜ਼ਾਰ ਕਰੋੜ ਦਾ ਸੀ, ਪਰ ਬਾਅਦ ’ਚ ਖਰਚਾ ਇਕ ਲੱਖ ਕਰੋੜ ਤੱਕ ਪਹੁੰਚ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਓਲੰਪਿਕ ਰੱਦ ਹੋ ਜਾਂਦੇ ਤਾਂ ਜਾਪਾਨ ਨੂੰ ਦੋ ਲੱਖ ਕਰੋੜ ਦਾ ਨੁਕਸਾਨ ਹੋ ਜਾਣਾ ਸੀ। ਹਾਲਾਂਕਿ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਦਾ ਅਨੁਮਾਨ ਹੈ ਕਿ ਓਲੰਪਿਕ ਖੇਡਾਂ ਰੱਦ ਹੋਣ ਨਾਲ ਵੀ ਜਾਪਾਨ ਦੀ ਆਰਥਿਕਤਾ ਨੂੰ ਕੋਈ ਵੱਡਾ ਝਟਕਾ ਨਹੀਂ ਸੀ ਲੱਗਣਾ ਕਿਉਂਕਿ ਦੇਸ਼ ਦੀ ਅਰਥਵਿਵਸਥਾ ਵਿਆਪਕ ਅਤੇ ਮਜ਼ਬੂਤ ਹੈ। ਹਾਂ ਜੇ ਖੇਡਾਂ ਤੋਂ ਬਾਅਦ ਕਰੋਨਾ ਦਾ ਕਹਿਰ ਵਧਦਾ ਹੈ ਤਾਂ ਇਹ ਜਾਪਾਨ ਦੀ ਆਰਥਿਕਤਾ ਲਈ ਜ਼ਰੂਰ ਖ਼ਤਰਾ ਬਣ ਸਕਦਾ ਹੈ।
ਮੌਜ ਮਸਤੀ
ਖੇਡ ਪਿੰਡ ਦੇ ਵਾਸੀਆਂ ਦੀ ਮੌਜ-ਮਸਤੀ ਤੋਂ ਪ੍ਰਬੰਧਕ ਚਿੰਤਾ ਵਿੱਚ ਹਨ। ਪਤਾ ਲੱਗਿਆ ਹੈ ਕਿ ਖੇਡ ਪਿੰਡ ਦੇ ਕੁੁਝ ਵਾਸੀ ਮੌਜ ਮਸਤੀ ਵਾਸਤੇ ਸ਼ਹਿਰ ਦੇ ਰੇਸਤਰਾਵਾਂ ਵਿੱਚ ਜਾ ਵੜਦੇ ਹਨ। ਇਹ ਰੇਸਤਰਾਂ ਰਾਤ ਨੂੰ 8 ਵਜੇ ਤੋਂ ਬਾਅਦ ਖੁੱਲ੍ਹਦੇ ਹਨ ਅਤੇ ਇਥੇ ਸ਼ਰਾਬ ਵਰਤਾਈ ਜਾਂਦੀ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਖੇਡ ਪਿੰਡ ਦੇ ਵਾਸੀਆਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ ਜਾ ਕੇ ਗਲਾਸੀਆਂ ਖੜਕਾਉਂਦੇ ਫਿਰਨ। ਇਹ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਹੈ।