ਲੰਡਨ: ਦੁਨੀਆ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਕਿਹਾ ਕਿ ਜੇਕਰ ਉਸ ਚੋਣ ਕਰਨ ਲਈ ਮਜਬੂਰ ਕੀਤਾ ਗਿਆ ਤਾਂ ਉਹ ਕੋਵਿਡ-19 ਦਾ ਟੀਕਾ ਲਗਵਾਉਣ ਦੀ ਥਾਂ ਫਰੈਂਚ ਓਪਨ ਜਾਂ ਵਿੰਬਲਡਨ ’ਚ ਨਾ ਖੇਡਣ ਦਾ ਰਾਹ ਚੁਣੇਗਾ। ਜੋਕੋਵਿਚ ਜੇਕਰ ਫਰੈਂਚ ਓਪਨ ਤੇ ਵਿੰਬਲਡਨ ਨਾ ਖੇਡਣ ਦਾ ਫ਼ੈਸਲਾ ਕਰਦਾ ਹੈ ਤਾਂ ਉਹ ਰਾਫੇਲ ਨਾਡਾਲ ਦੇ ਰਿਕਾਰਡ 21 ਪੁਰਸ਼ ਸਿੰਗਲ ਗਰੈਂਡ ਸਲੈਮ ਜਿੱਤਣ ਦੀ ਬਰਾਬਰੀ ਕਰਨ ਦਾ ਮੌਕਾ ਵੀ ਗੁਆ ਦੇਵੇਗਾ। ਜੋਕੋਵਿਚ ਨੂੰ ਪਿਛਲੇ ਮਹੀਨੇ ਆਸਟਰੇਲੀਆ ’ਚੋਂ ਕੱਢਿਆ ਗਿਆ ਸੀ ਕਿਉਂਕਿ ਉਸ ਨੇ ਕਰੋਨਾਵਾਇਰਸ ਰੋਕੂ ਟੀਕਾ ਨਹੀਂ ਲਗਵਾਇਆ ਸੀ। ਇਸ ਤੋਂ ਬਾਅਦ ਸਾਰੀ ਦੁਨੀਆ ’ਚ ਇਸ ਕਾਰਨ ਮਾਹੌਲ ਭਖ ਗਿਆ ਸੀ। ਵੀਹ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਸਰਬੀਆ ਦੇ ਜੋਕੋਵਿਚ ਨੇ ਅੱਜ ਕਿਹਾ ਕਿ ਉਸ ਦਾ ਟੀਕਾਕਰਨ ਨਹੀਂ ਹੋਇਆ ਹੈ ਅਤੇ ਆਪਣੀ ਇਹ ਸਥਿਤੀ ਬਰਕਰਾਰ ਰੱਖਣ ਲਈ ਉਹ ਖਿਤਾਬਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੈ। -ਪੀਟੀਆਈ