ਪੈਰਿਸ:
ਨੋਵਾਕ ਜੋਕੋਵਿਚ ਅੱਜ ਸੱਜੇ ਗੋਡੇ ’ਤੇ ਲੱਗੀ ਸੱਟ ਕਾਰਨ ਫਰੈਂਚ ਓਪਨ ਤੋਂ ਹਟ ਗਿਆ ਹੈ। ਇਸ ਤਰ੍ਹਾਂ ਉਹ ਖਿਤਾਬ ਬਚਾਉਣ ਦੇ ਨਾਲ ਨਾਲ ਰੈਂਕਿੰਗ ਵਿੱਚ ਸਿਖਰਲਾ ਸਥਾਨ ਵੀ ਗੁਆ ਦੇਵੇਗਾ। ਜੋਕੋਵਿਚ ਨੂੰ ਸੱਟ ਫਰਾਂਸਿਸਕੋ ਸੇਰੁਨਡੋਲੋ ਨਾਲ ਮੈਚ ਦੌਰਾਨ ਲੱਗੀ ਸੀ। ਇਸ ਮੈਚ ਵਿੱਚ ਗੋਡੇ ਦੇ ਦਰਦ ਨਾਲ ਜੂਝਣ ਦੇ ਬਾਵਜੂਦ ਜੋਕੋਵਿਚ ਨੇ ਸਾਢੇ ਚਾਰ ਘੰਟੇ ਤੱਕ ਚੱਲੇ ਮੈਚ ਵਿੱਚ ਸੇਰੁਨਡੋਲੋ ਨੂੰ 6-1, 5-7, 3-6, 7-5, 6-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਸੀ। ਦੂਜੇ ਸੈੱਟ ਦੀ ਸ਼ੁਰੂਆਤ ’ਚ ਜੋਕੋਵਿਚ ਲੇਟ ਗਿਆ ਤੇ ਅਜਿਹਾ ਲੱਗ ਰਿਹਾ ਸੀ ਕਿ ਉਸ ਨੂੰ ਮੈਚ ਵਿਚਾਲੇ ਹੀ ਛੱਡਣਾ ਪਵੇਗਾ ਪਰ ਉਸ ਨੇ ਜਿੱਤ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਕੁਆਰਟਰ ਫਾਈਨਲ ’ਚ ਐਲੇਕਸ ਡੀ ਮਿਨੌਰ ਦਾ ਸਾਹਮਣਾ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ। ਡੀ ਮਿਨੌਰ ਨੇ 2021 ਦੇ ਅਮਰੀਕਾ ਓਪਨ ਚੈਂਪੀਅਨ ਦਾਨਿਲ ਮੈਦਵੇਦੇਵ ਨੂੰ ਹਰਾਇਆ ਸੀ। -ਏਪੀ