ਨਿਊਯਾਰਕ, 12 ਸਤੰਬਰ
ਬਰਤਾਨੀਆ ਦੀ ਕੁਆਲੀਫਾਇਰ ਐਮਾ ਰਾਡੂਕਾਨੂ ਨੇ ਅੱਜ ਇੱਥੇ ਕੈਨੇਡਾ ਦੀ ਲੇਲਾ ਫਰਨਾਂਡੇਜ਼ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤ ਲਿਆ। ਬਰਤਾਨੀਆ ਦੀ ਨਾਬਾਲਗ਼ ਖਿਡਾਰਨ ਐਮਾ ਪਿਛਲੇ ਮਹੀਨੇ ਨਿਊਯਾਰਕ ਵਿੱਚ ਦੁਨੀਆ ਦੀ 150ਵੇਂ ਨੰਬਰ ਦੀ ਖਿਡਾਰਨ ਦੇ ਰੂਪ ਵਿੱਚ ਆਈ ਸੀ। ਇਸ ਤੋਂ ਪਹਿਲਾਂ ਉਸ ਨੇ ਸਿਰਫ਼ ਇੱਕ ਗਰੈਂਡਸਲੈਮ ਟੂਰਨਾਮੈਂਟ ਵਿੱਚ ਹਿੱਸਾ ਲਿਆ ਸੀ। ਐਮਾ ਨੇ ਕੁਆਲੀਫਾਇਰ ਮਗਰੋਂ ਜਹਾਜ਼ ਦੀ ਟਿਕਟ ਬੁੱਕ ਕਰਵਾਈ ਤਾਂ ਕਿ ਉਹ ਮੁੱਖ ਡਰਾਅ ਵਿੱਚ ਦਾਖ਼ਲ ਨਾ ਹੋਣ ’ਤੇ ਵਾਪਸ ਪਰਤ ਸਕੇ। ਹਾਲਾਂਕਿ ਫਾਈਨਲ ਵਿੱਚ ਉਹ 19 ਸਾਲ ਦੀ ਲੇਲਾ ਨੂੰ ਸਿੱਧੇ ਸੈੱਟਾਂ ਵਿੱਚ 6-4, 6-3 ਨਾਲ ਹਰਾ ਕੇ ਕੁਆਲੀਫਾਇਰ ਤੋਂ ਚੈਂਪੀਅਨ ਬਣਨ ਦਾ ਸ਼ਾਨਦਾਰ ਸਫ਼ਰ ਤੈਅ ਕਰਨ ਵਿੱਚ ਸਫਲ ਰਹੀ। ਐਮਾ ਨੇ ਖ਼ਿਤਾਬ ਜਿੱਤਣ ਮਗਰੋਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਮਹਿਲਾ ਡਰਾਅ ਵਿੱਚ ਸ਼ਾਮਲ ਹਰੇਕ ਖਿਡਾਰੀ ਕੋਲ ਟੂਰਨਾਮੈਂਟ ਜਿੱਤਣ ਦਾ ਮੌਕਾ ਸੀ।’’ ਉਹ 2014 ਮਗਰੋਂ ਪਹਿਲੀ ਮਹਿਲਾ ਖਿਡਾਰਨ ਹੈ, ਜਿਸ ਨੇ ਬਿਨਾ ਕੋਈ ਸੈੱਟ ਗੁਆਏ ਯੂਐੱਸ ਓਪਨ ਦਾ ਖ਼ਿਤਾਬ ਜਿੱਤਿਆ ਹੈ। ਯੂਐੱਸ ਓਪਨ-1999 ਮਗਰੋਂ ਇਹ ਪਹਿਲਾ ਮੌਕਾ ਸੀ, ਜਦੋਂ ਦੋ ਨਾਬਾਲਗ਼ ਕਿਸੇ ਗਰੈਂਡਸਲੈਮ ਟੂਰਨਾਮੈਂਟ ਦਾ ਫਾਈਨਲ ਖੇਡ ਰਹੀਆਂ ਸਨ। ਉਦੋਂ 17 ਸਾਲ ਦੀ ਸੇਰੇਨਾ ਅਤੇ 18 ਸਾਲ ਦੀ ਮਾਰਟੀਨਾ ਹਿੰਗਿਸ ਦਰਮਿਆਨ ਖ਼ਿਤਾਬੀ ਮੁਕਾਬਲਾ ਹੋਇਆ ਸੀ। -ਪੀਟੀਆਈ