ਅਹਿਮਦਾਬਾਦ: ਭਾਰਤੀ ਕ੍ਰਿਕਟ ਟੀਮ ਨੇ ਇਥੇ ਖੇਡੇ ਜਾ ਰਹੇ ਦਿਨ-ਰਾਤ ਦੇ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਅਕਸ਼ਰ ਪਟੇਲ ਅਤੇ ਰਵੀਚੰਦਰਨ ਅਸ਼ਿਵਨ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਮਹਿਮਾਨ ਇੰਗਲੈਂਡ ਟੀਮ ਨੂੰ ਮਹਿਜ਼ 112 ਦੌੜਾਂ ’ਤੇ ਢੇਰ ਕਰ ਦਿੱਤਾ। ਆਪਣੇ ਕਰੀਅਰ ਦਾ ਦੂਜਾ ਟੈਸਟ ਮੈਚ ਖੇਡ ਰਹੇ ਪਟੇਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 38 ਦੌੜਾਂ ਦੇ ਕੇ 6 ਵਿਕਟਾਂ ਲਈਆਂ ਜਦੋਂਕਿ ਅਸ਼ਿਵਨ ਨੇ 26 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਆਪਣੇ ਟੈਸਟ ਕਰੀਅਰ ਦਾ 100ਵਾਂ ਟੈਸਟ ਮੈਚ ਖੇਡ ਰਹੇ ਇਸ਼ਾਂਤ ਸ਼ਰਮਾ ਨੇ ਇਕ ਵਿਕਟ ਹਾਸਲ ਕੀਤੀ। ਇੰਗਲੈਂਡ ਟੀਮ ਦੇ ਚਾਰ ਬੱਲੇਬਾਜ਼ ਮਸਾਂ ਦੋਹਰੇ ਅੰਕ ਤਕ ਪੁੱਜ ਸਕੇ। ਜਵਾਬ ਵਿੱਚ ਬੱਲੇਬਾਜ਼ੀ ਕਰਨ ਮੈਦਾਨ ’ਚ ਉੱਤਰੀ ਭਾਰਤੀ ਟੀਮ ਨੇ ਚੰਗੀ ਸ਼ੁਰੂਆਤ ਕੀਤੀ ਪਰ ਮੇਜ਼ਬਾਨ ਟੀਮ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 11 ਤੇ ਵਿਰਾਟ ਕੋਹਲੀ 27 ਦੌੜਾਂ ਬਣਾ ਕੇ ਆਊਟ ਹੋ ਗਏ ਜਦੋਂਕਿ ਚੇਤੇਸ਼ਵਰ ਪੁਜਾਰਾ ਬਗੈਰ ਖਾਤਾ ਖੋਲ੍ਹੇ ਹੀ ਪਵੇਲੀਅਨ ਪਰਤ ਗਿਆ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ ’ਤੇ 99 ਦੌੜਾਂ ਬਣਾ ਲਈਆਂ ਸਨ। ਰੋਹਿਤ ਸ਼ਰਮਾ 57 ਅਤੇ ਅਜਿੰਕਿਆ ਰਹਾਨੇ 1 ਦੌੜ ਬਣਾ ਕੇ ਕਰੀਜ਼ ’ਤੇ ਡਟੇ ਹੋਏ ਸਨ। -ਪੀਟੀਆਈ