ਨਵੀਂ ਦਿੱਲੀ: ਭਾਰਤ ਦੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਕਿਹਾ ਕਿ ਕਪਤਾਨੀ ਦੇ ਮਾਮਲੇ ’ਤੇ ਵਿਰਾਟ ਕੋਹਲੀ ਵੱਲੋਂ ਦਿੱਤੇ ਬਿਆਨ ਬਾਰੇ ਸੌਰਵ ਗਾਂਗੁਲੀ ਹੀ ਸਥਿਤੀ ਸਪੱਸ਼ਟ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਪ੍ਰਧਾਨ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਵਿਰੋਧੀ ਸਥਿਤੀ ਕਿਵੇਂ ਪੈਦਾ ਹੋਈ। ਕੋਹਲੀ ਵੱਲੋਂ ਟੀ-20 ਕਪਤਾਨੀ ਛੱਡੇ ਜਾਣ ਮਗਰੋਂ ਗਾਂਗੁਲੀ ਨੇ ਕਿਹਾ ਸੀ ਕਿ ਬੀਸੀਸੀਆਈ ਵੱਲੋਂ ਕੋਹਲੀ ਨੂੰ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਲਈ ਆਖਿਆ ਗਿਆ ਸੀ। ਹਾਲਾਂਕਿ, ਗਾਾਂਗੁਲੀ ਨੇ ਦੱਖਣੀ ਅਫਰੀਕਾ ਦੌਰੇ ’ਤੇ ਰਵਾਨਗੀ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਇਸ ਦਾ ਖੰਡਨ ਕੀਤਾ ਸੀ।
ਗਾਵਸਕਰ ਨੇ ਕਿਹਾ, ‘‘ਕੋਹਲੀ ਦਾ ਬਿਆਨ ਸ਼ਾਇਦ ਬੀਸੀਸੀਆਈ ਲਈ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਉਸ ਸ਼ਖਸ ਨੂੰ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੋੋਹਲੀ ਨੂੰ ਅਜਿਹਾ ਸੁਨੇਹਾ ਕਿਵੇਂ ਗਿਆ।’ ਉਨ੍ਹਾਂ ਮੁਤਾਬਕ, ‘‘ਗਾਂਗੁਲੀ ਬੀਸੀਸੀਆਈ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਵਿਰੋਧ ਵਾਲੀ ਇਹ ਸਥਿਤੀ ਕਿਉਂ ਹੈ। ਉਹ ਇਸ ਬਾਰੇ ਜਵਾਬ ਦੇ ਸਕਦੇ ਹਨ।’’ ਕੋਹਲੀ ਨੇ ਇਹ ਵੀ ਕਿਹਾ ਸੀ ਕਿ ਚੋਣ ਕਮੇਟੀ ਦੇ ਪ੍ਰਧਾਨ ਚੇਤਨ ਸ਼ਰਮਾ ਨੇ ਚੋਣ ਤੋਂ ਸਿਰਫ ਡੇਢ ਘੰਟਾ ਪਹਿਲਾਂ ਹੀ ਉਸ ਨੂੰ ਦੱਸਿਆ ਕਿ ਉਹ ਟੀਮ ਦੇ ਕਪਤਾਨ ਨਹੀਂ ਹਨ। ਗਾਵਸਕਰ ਨੇ ਕਿਹਾ ਕਿ ਚੋਣ ਕਮੇਟੀ ਦੇ ਪ੍ਰਧਾਨ ਨੇ ਕੋਈ ਗਲਤੀ ਨਹੀਂ ਕੀਤੀ। ਉਨ੍ਹਾਂ ਕਿਹਾ, ‘‘ਇਹ ਵਿਵਾਦ ਕਿਉਂ ਹੈ। ਚੋਣ ਕਮੇਟੀ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਸਪੱਸ਼ਟ ਤੌਰ ’ਤੇ ਦੱਸ ਦਿੱਤਾ ਕਿ ਹੁਣ ਇੱਕ ਦਿਨਾ ਟੀਮ ਦੀ ਕਪਤਾਨੀ ਉਨ੍ਹਾਂ ਕੋਲ ਨਹੀਂ ਹੈ। ਇਸ ਵਿੱਚ ਗਲਤ ਕੀ ਹੈ। ਚੋਣ ਕਮੇਟੀ ਨੂੰ ਇਸ ਦਾ ਅਧਿਕਾਰ ਹੈ। ਕਪਤਾਨ ਕੋਲ ਵੋਟ ਦਾ ਅਧਿਕਾਰ ਨਹੀਂ ਹੁੰਦਾ।’’ ਉਨ੍ਹਾਂ ਕਿਹਾ ਕਿ ਚੋਣ ਕਮੇਟੀ ਦੇ ਪ੍ਰਧਾਨ ਅਤੇ ਉਨ੍ਹਾਂ ਵਿਚਾਲੇ ਗੱਲਬਾਤ ਹੋਈ ਅਤੇ ਅਜਿਹਾ ਹੀ ਹੋਣਾ ਚਾਹੀਦਾ ਹੈ। ਗਾਵਸਕਰ ਨੇ ਕਿਹਾ, ‘‘ਬੀਸੀਸੀਆਈ ਨੂੰ ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਣ ਲਈ ਸਪੱਸ਼ਟ ਗੱਲਬਾਤ ਕਰਨੀ ਚਾਹੀਦੀ ਹੈ।’’ -ਪੀਟੀਆਈ