ਪੁਣੇ: ਓਲੰਪੀਅਨ ਭਵਾਨੀ ਦੇਵੀ ਨੇ 33ਵੀਂ ਸੀਨੀਅਰ ਕੌਮੀ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ ਵਿਅਕਤੀਗਤ ਸਾਬਰੇ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਭਵਾਨੀ ਦੀ ਟੀਮ ਤਾਮਿਲਨਾਡੂ ਨੇ ਮਹਿਲਾਵਾਂ ਦੇ ਟੀਮ ਵਰਗ ਵਿੱਚ ਵੀ ਕੇਰਲਾ ਨੂੰ 45-34 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਮਹਿਲਾਵਾਂ ਦੇ ਨਿੱਜੀ ਵਰਗ ਵਿੱਚ ਭਵਾਨੀ ਦੇਵੀ ਨੇ ਕੇਰਲਾ ਦੀ ਵੀ ਸੰਨੀ ਅਲਕਾ ਨੂੰ 15-9 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਉਸ ਨੇ ਪੰਜਾਬ ਦੀ ਜਗਮੀਤ ਕੌਰ ਨੂੰ 15-11 ਨਾਲ ਹਰਾਇਆ ਸੀ। ਸੀਨੀਅਰ ਮਹਿਲਾ ਫੌਇਲ ਵਰਗ ਵਿੱਚ ਕੇਰਲਾ ਦੀ ਰਾਧਿਕਾ ਅਵਤੀ ਨੇ ਸੋਨ ਤਗ਼ਮਾ ਜਿੱਤਿਆ। ਪੁਰਸ਼ਾਂ ਦੇ ਫਾਈਨਲ ਵਰਗ ਵਿੱਚ ਮਣੀਪੁਰ ਦੇ ਹੇਮਾਸ਼ ਸਨਾਸਮ ਨੇ ਐੱਸਐੱਸਬੀ ਦੇ ਇਸਮਾਈਲ ਖਾਨ ਨੂੰ 13-12 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। -ਪੀਟੀਆਈ