ਲਖਨਊ, 24 ਫਰਵਰੀ
ਭਾਰਤ ਨੇ ਅੱਜ ਇੱਥੇ ਪਹਿਲੇ ਟੀ20 ਕੌਮਾਂਤਰੀ ਮੈਚ ਵਿਚ ਸ੍ਰੀਲੰਕਾ ਨੂੰ 62 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿਚ 1-0 ਨਾਲ ਬੜ੍ਹਤ ਬਣਾ ਲਈ। ਇਹ ਭਾਰਤ ਦੀ ਟੀ20 ਕੌਮਾਂਤਰੀ ਵਿਚ ਲਗਾਤਾਰ 10ਵੀਂ ਜਿੱਤ ਹੈ। ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ ਦੀ 56 ਗੇਂਦਾਂ ਵਿੱਚ 89 ਦੌੜਾਂ ਅਤੇ ਸ਼੍ਰੇਅਸ ਅਈਅਰ ਦੀ ਨਾਬਾਦ 56 ਦੌੜਾਂ ਦੀ ਅਰਧ ਸੈਂਕੜਾ ਪਾਰੀਆਂ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੀ20 ਕੌਮਾਂਤਰੀ ਮੈਚ ਵਿਚ ਸ੍ਰੀਲੰਕਾ ਖ਼ਿਲਾਫ਼ ਦੋ ਵਿਕਟਾਂ ’ਤੇ 199 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਜਦਕਿ ਸ੍ਰੀਲੰਕਾ ਦੀ ਟੀਮ ਚਰਿਥ ਅਸਾਲੰਕਾ (ਨਾਬਾਦ 53 ਦੌੜਾਂ) ਦੇ ਅਰਧ ਸੈਂਕੜੇ ਦੇ ਬਾਵਜੂਦ 20 ਓਵਰ ਵਿਚ ਛੇ ਵਿਕਟਾਂ ’ਤੇ 137 ਦੌੜਾਂ ਹੀ ਬਣਾ ਸਕੀ। ਭਾਰਤ ਨੇ ਸੱਤ ਗੇਂਦਬਾਜ਼ਾਂ ਤੋਂ ਗੇਂਦਬਾਜ਼ੀ ਕਰਵਾਈ, ਜਿਨ੍ਹਾਂ ਵਿੱਚੋਂ ਭੁਵਨੇਸ਼ਵਰ ਕੁਮਾਰ ਨੇ ਦੋ ਓਵਰਾਂ ’ਚ ਨੌਂ ਦੌੜਾਂ ਦੇ ਕੇ ਦੋ ਵਿਕਟਾਂ, ਵੈਂਕਟੇਸ਼ ਅਈਅਰ ਨੇ ਤਿੰਨ ਓਵਰਾਂ ’ਚ 36 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਯੁਜਵੇਂਦਰ ਚਹਿਲ ਤੇ ਰਵਿੰਦਰ ਜਡੇਜਾ ਨੇ ਇਕ-ਇਕ ਵਿਕਟ ਲਈ। ਇਸ ਤੋਂ ਪਹਿਲਾਂ ਖੱਬੇ ਹੱਥ ਦੇ ਬੱਲੇਬਾਜ਼ ਇਸ਼ਾਨ ਨੇ 10 ਚੌਕਿਆਂ ਅਤੇ ਤਿੰਨ ਛੱਕਿਆਂ ਵਾਲੀ ਪਾਰੀ ਖੇਡੀ। ਝਾਰਖੰਡ ਦੇ 23 ਸਾਲਾ ਖਿਡਾਰੀ ਨੇ ਆਪਣੇ ਕਪਤਾਨ ਰੋਹਿਤ ਸ਼ਰਮਾ (32 ਗੇਂਦਾਂ ਵਿਚ 44 ਦੌੜਾਂ) ਨਾਲ ਪਹਿਲੇ ਵਿਕਟ ਲਈ 111 ਦੌੜਾਂ ਦੀ ਭਾਗੀਦਾਰੀ ਨਿਭਾਅ ਕੇ ਭਾਰਤ ਨੂੰ ਵੱਡੇ ਸਕੋਰ ਵੱਲ ਤੋਰਿਆ। ਇਸ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਵੀ ਮੌਕੇ ਦਾ ਪੂਰਾ ਫਾਇਦਾ ਉਠਾਉਂਦੇ ਹੋਏ 28 ਗੇਂਦਾਂ ਵਿਚ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਪਾਰੀ ਨਾਲ ਭਾਰਤ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। -ਪੀਟੀਆਈ