ਕਾਨਪੁਰ, 29 ਨਵੰਬਰ
ਨਿਊਜ਼ੀਲੈਂਡ ਲਈ ਆਪਣਾ ਪਲੇਠਾ ਟੈਸਟ ਮੈਚ ਖੇਡ ਰਹੇ ਰਚਿਨ ਰਵਿੰਦਰ ਤੇ ਐਜਾਜ਼ ਪਟੇਲ ਵੱਲੋਂ ਵਿਖਾਏ ਜ਼ਬਰਦਸਤ ਸਾਹਸ ਤੇ ਸੰਜਮ ਦੀ ਬਦੌਲਤ ਮਹਿਮਾਨ ਟੀਮ ਅੱਜ ਇਥੇ ਆਖਰੀ ਵਿਕਟ ਬਚਾ ਕੇ ਭਾਰਤ ਖਿਲਾਫ਼ ਪਹਿਲਾ ਟੈਸਟ ਕ੍ਰਿਕਟ ਮੈਚ ਡਰਾਅ ਕਰਵਾਉਣ ਵਿੱਚ ਸਫ਼ਲ ਰਹੀ। ਜਿੱਤ ਲਈ ਮਿਲੇ 284 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਨਿਊਜ਼ੀਲੈਂਡ ਦੀ ਟੀਮ ਨੇ ਅੱਜ ਪੰਜਵੇਂ ਤੇ ਆਖਰੀ ਦਿਨ ਨੌਂ ਵਿਕਟਾਂ ਦੇ ਨੁਕਸਾਨ ਨਾਲ 165 ਦੌੜਾਂ ਬਣਾਈਆਂ। ਭਾਰਤ ਨੇ ਪਹਿਲੀ ਪਾਰੀ ਵਿੱਚ 345 ਦੌੜਾਂ ਬਣਾਈਆਂ ਸਨ ਜਦੋਂਕਿ ਦੂਜੀ ਪਾਰੀ 234/7 ਦੇ ਸਕੋਰ ’ਤੇ ਐਲਾਨ ਦਿੱਤੀ ਸੀ। ਮਹਿਮਾਨ ਟੀਮ ਨੇ ਆਪਣੀ ਪਹਿਲੀ ਪਾਰੀ ’ਚ 296 ਦੌੜਾਂ ਬਣਾਈਆਂ ਸਨ।
ਅੱਜ ਮੈਚ ਦੇ ਆਖਰੀ ਦਿਨ ਪਹਿਲੇ ਸੈਸ਼ਨ ਵਿੱਚ ਜਿਥੇ ਕਿਵੀ ਬੱਲੇਬਾਜ਼ਾਂ ਦਾ ਦਬਦਬਾ ਰਿਹਾ ਤਾਂ ਦੂਜੇ ਸੈਸ਼ਨ ਵਿੱਚ ਭਾਰਤ ਨੇ ਤਿੰਨ ਵਿਕਟ ਲੈ ਕੇ ਵਾਪਸੀ ਕੀਤੀ। ਰਵੀਚੰਦਰਨ ਅਸ਼ਿਵਨ ਤੇ ਰਵਿੰਦਰ ਜਡੇਜਾ ਨੇ ਕ੍ਰਮਵਾਰ ਤਿੰਨ ਤੇ ਚਾਰ ਵਿਕਟ ਲੈ ਕੇ ਭਾਰਤ ਦੀ ਜਿੱਤ ਲਗਪਗ ਯਕੀਨੀ ਕਰ ਦਿੱਤੀ ਸੀ। -ਪੀਟੀਆਈ