ਐੱਸ.ਐੱਸ. ਸੱਤੀ
ਮਸਤੂਆਣਾ ਸਾਹਿਬ, 22 ਫਰਵਰੀ
ਪੰਜਾਬ ਦੇ ਵਡੇਰੀ ਉਮਰ ਦੇ ਅਥਲੀਟਾਂ ਨੂੰ ਖੇਡਾਂ ਨਾਲ ਜੋੜੀ ਰੱਖਣ ਦਾ ਉਪਰਾਲਾ ਕਰਨ ਵਾਲੀ ਪੰਜਾਬ ਮਾਸਟਰ ਅਥਲੈਟਿਕਸ ਐਸੋਸੀਏਸ਼ਨ ਵਲੋਂ ਸੰਤ ਅਤਰ ਸਿੰਘ ਯਾਦਗਾਰੀ ਖੇਡ ਮੈਦਾਨ ਮਸਤੂਆਣਾ ਸਾਹਿਬ ਵਿੱਚ ਅਕਾਲ ਕਾਲਜ ਕੌਂਸਲ ਦੇ ਸਹਿਯੋਗ ਸਦਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਭੁਪਿੰਦਰ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ 41ਵੀਂ ਪੰਜਾਬ ਮਾਸਟਰਜ਼ ਅਥਲੈਟਿਕ ਚੈਂਪੀਅਨਸ਼ਿਪ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈ। ਫਿਜ਼ੀਕਲ ਕਾਲਜ ਦੀ ਪ੍ਰਿੰਸੀਪਲ ਡਾ. ਗੀਤਾ ਠਾਕੁਰ ਦੀ ਨਿਗਰਾਨੀ ਹੇਠ ਕਰਵਾਈ ਗਈ ਅਥਲੈਟਿਕ ਮੀਟ ਦੌਰਾਨ ਓਵਰਆਲ ਚੈਂਪੀਅਨਸ਼ਿਪ ’ਤੇ ਸੰਗਰੂਰ ਦੇ ਬਜ਼ੁਰਗਾਂ ਨੇ ਕਬਜ਼ਾ ਕੀਤਾ। ਜਦੋਂ ਕਿ ਲੁਧਿਆਣਾ ਦੇ ਬਜ਼ੁਰਗਾਂ ਨੇ ਦੂਸਰਾ ਅਤੇ ਪਟਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੀਟ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚੋਂ 350 ਦੇ ਕਰੀਬ 35 ਸਾਲ ਤੋਂ 94 ਸਾਲ ਤੱਕ ਉਮਰ ਦੇ ਖਿਡਾਰੀਆਂ (ਮਰਦ ਅਤੇ ਔਰਤਾਂ) ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਡਾ. ਬੂਟਾ ਸਿੰਘ ਸਿੱਧੂ ਨੇ ਕੀਤਾ। ਜਦੋਂ ਕਿ ਇਨਾਮਾਂ ਦੀ ਵੰਡ ਸਾਬਕਾ ਆਈ.ਜੀ. ਅਮਰ ਸਿੰਘ ਚਹਿਲ ਪਟਿਆਲਾ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਪੁਲੀਸ ਕਪਤਾਨ ਦਲਜੀਤ ਸਿੰਘ ਤੇ ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸ਼ਿਰਕਤ ਕੀਤੀ। ਸਟੇਜ ਦਾ ਸੰਚਾਲਨ ਪ੍ਰੋ. ਰਣਧੀਰ ਸ਼ਰਮਾ ਵੱਲੋਂ ਬਾਖ਼ੂਬੀ ਨਿਭਾਇਆ। ਇਸ ਮੌਕੇ ਮਰਦਾਂ ਦੇ ਡਿਸਕਸ ਥਰੋਅ ਫਾਈਨਲ ਮੁਕਾਬਲੇ ਵਿੱਚ 94 ਸਾਲਾ ਹਮੀਰ ਸਿੰਘ ਰਾਏ ਪਟਿਆਲਾ, ਜਸਪਾਲ ਸਿੰਘ ਮੁਹਾਲੀ (85), ਜੰਗੀਰ ਸਿੰਘ ਮਾਨਸਾ (80), ਰਤਨ ਚੰਦ ਹੁਸ਼ਿਆਰਪੁਰ (75), ਕੁਲਵਿੰਦਰ ਸਿੰਘ ਮੋਹਾਲੀ (70) ਤੇ ਔਰਤਾਂ ਦੇ ਡਿਸਕਸ ਥਰੋਅ ਮੁਕਾਬਲੇ ਵਿੱਚ 70 ਸਾਲਾ ਜਸਪਾਲ ਕੌਰ ਫਾਜ਼ਿਲਕਾ, ਚਰਨਜੀਤ ਕੌਰ ਲੁਧਿਆਣਾ (60) ਨੇ ਪਹਿਲਾ ਪਹਿਲਾ ਸਥਾਨ ਪ੍ਰਾਪਤ ਕੀਤਾ। ਜੈਵਲਿਨ ਥਰੋਅ ਦੇ ਮੁਕਾਬਲਿਆਂ ਵਿਚ 94 ਸਾਲਾ ਹਮੀਰ ਸਿੰਘ ਪਟਿਆਲਾ, ਜੀਐੱਸ ਸ਼ੋਰੀ ਸੰਗਰੂਰ (85) , ਮਹਿੰਦਰ ਸਿੰਘ ਬਠਿੰਡਾ (80), ਸਵਰਨ ਸਿੰਘ ਮੁਹਾਲੀ (75), ਹਰਬੰਸ ਸਿੰਘ ਫਾਜ਼ਿਲਕਾ, ਹਰਨੇਕ ਸਿੰਘ ਅੰਮ੍ਰਿਤਸਰ (60) ਅਤੇ ਔਰਤਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿੱਚ 70 ਸਾਲਾ ਜਸਪਾਲ ਕੌਰ ਫਾਜ਼ਲਿਕਾ, ਚਰਨਜੀਤ ਕੌਰ ਲੁਧਿਆਣਾ (60), ਬਲਵਿੰਦਰ ਕੌਰ ਲੁਧਿਆਣਾ (55), ਜਰਨੈਲ ਕੌਰ ਸੰਗਰੂਰ (50) ਸਣੇ ਹੋਰਨਾਂ ਨੇ ਪਹਿਲਾ ਪਹਿਲਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਦੌੜ ਮੁਕਾਬਲੇ ਵਿਚ 90 ਸਾਲਾ ਤੇਜਾ ਸਿੰਘ ਲੁਧਿਆਣਾ, ਗੁਰਭਜਨ ਸਿੰਘ ਹੁਸ਼ਿਆਰਪੁਰ (80), ਅਜੀਤ ਸਿੰਘ (75) ਤੇ ਇਸੇ ਤਰ੍ਹਾਂ ਔਰਤਾਂ ਦੇ 400 ਮੀਟਰ ਦੌੜਾਂ ਦੇ ਹੋਏ ਮੁਕਾਬਲੇ ਵਿੱਚ 60 ਸਾਲਾ ਦਵਿੰਦਰ ਕੌਰ ਹੁਸ਼ਿਆਰਪੁਰ, ਛਿੰਦਰਪਾਲ ਕੌਰ ਸੰਗਰੂਰ (50), ਜਗਜੀਤ ਕੌਰ ਸੰਗਰੂਰ (45), ਰਿਸ਼ੂ ਬਾਂਸਲ ਸੰਗਰੂਰ (35) ਵੱਲੋਂ ਪਹਿਲਾ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ।
5000 ਮੀਟਰ ਦੌੜਾਂ ਵਿਚ 90 ਸਾਲਾ ਜਗਤਾਰ ਸਿੰਘ ਲੁਧਿਆਣਾ, 85 ਸਾਲਾ ਮੰਗਰੂ ਰਾਮ ਲੁਧਿਆਣਾ, 5 ਕਿਲੋਮੀਟਰ ਵਾਕ ਵਿਚ 45 ਮਹਿੰਦਰ ਪ੍ਰਤਾਪ ਸਿੰਘ ਸੰਗਰੂਰ ਨੇ ਪਹਿਲਾ ਪਹਿਲਾ ਸਥਾਨ ਪ੍ਰਾਪਤ ਕੀਤਾ।