ਲਾਹੌਰ, 11 ਜੂਨ
ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਨੇ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਖ਼ਿਲਾਫ਼ ਕੀਤੀ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ-20 ਵਿਸ਼ਵ ਕੱਪ ‘ਚ ਖੇਡੇ ਮੈਚ ਦੌਰਾਨ ਕਾਮਰਾਨ ਨੇ ਅਰਸ਼ਦੀਪ ਦੇ ਸਿੱਖ ਧਰਮ ਦਾ ਮਜ਼ਾਕ ਉਡਾਇਆ, ਜਿਸ ਦਾ ਵੀਡੀਓ ਵਾਇਰਲ ਹੋ ਗਿਆ। ਇਸ ’ਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਸੀ। ਹਰਭਜਨ ਨੂੰ ਟੈਗ ਕਰਦੇ ਹੋਏ ਕਾਮਰਾਨ ਨੇ ਐਕਸ ‘ਤੇ ਲਿਖਿਆ, ‘ਮੈਨੂੰ ਆਪਣੀਆਂ ਹਾਲੀਆ ਟਿੱਪਣੀਆਂ ’ਤੇ ਬਹੁਤ ਅਫਸੋਸ ਹੈ ਅਤੇ ਮੈਂ ਹਰਭਜਨ ਸਿੰਘ ਅਤੇ ਸਿੱਖ ਭਾਈਚਾਰੇ ਤੋਂ ਦਿਲੋਂ ਮੁਆਫੀ ਮੰਗਦਾ ਹਾਂ। ਮੇਰੇ ਸ਼ਬਦ ਗਲਤ ਅਤੇ ਅਪਮਾਨਜਨਕ ਸਨ। ਮੈਂ ਦੁਨੀਆ ਭਰ ਦੇ ਸਿੱਖਾਂ ਦਾ ਬਹੁਤ ਸਤਿਕਾਰ ਕਰਦਾ ਹਾਂ ਅਤੇ ਮੇਰਾ ਕਦੇ ਵੀ ਕਿਸੇ ਦੀ ਭਾਵਨਾ ਨੂੰ ਸੱਟ ਮਾਰਨ ਦਾ ਇਰਾਦਾ ਨਹੀਂ ਸੀ। ਮੈਨੂੰ ਸੱਚਮੁੱਚ ਅਫ਼ਸੋਸ ਹੈ।’