ਨਵੀਂ ਦਿੱਲੀ: ਭਾਰਤ ਦੇ ਚਾਰ ਮੁੱਕੇਬਾਜ਼ਾਂ ਨੇ ਦੁਬਈ ਵਿੱਚ ਚੱਲ ਰਹੀ ਏਸ਼ਿਆਈ ਯੁਵਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਦਾਖ਼ਲਾ ਪਾ ਲਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਸੱਤ ਮੁੱਕੇਬਾਜ਼ ਸੋਮਵਾਰ ਨੂੰ ਕੁਆਰਟਰ ਫਾਈਨਲ ਵਿੱਚ ਉਤਰੇ ਜਿਨ੍ਹਾਂ ਵਿੱਚੋਂ ਚਾਰ ਨੇ ਜਿੱਤ ਦਰਜ ਕੀਤੀ। ਜੈਦੀਪ ਰਾਵਤ(71 ਕਿੱਲੋ) ਨੇ ਸੰਯੁਕਤ ਅਰਬ ਅਮੀਰਾਤ ਦੇ ਮੁਹੰਮਦ ਆਈਸਾ ਨੂੰ ਦੂਜੇ ਰਾਊਂਡ ਵਿੱਚ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ। ਬੰਸਜ਼ (63.5 ਕਿੱਲੋ) ਨੇ ਤਾਜਿਕਿਸਤਾਨ ਦੇ ਮਖਕਮੋਵ ਡੋਬੁਡ ਦੇ ਖ਼ਿਲਾਫ਼ 5-0 ਅੰਕਾਂ ਨਾਲ ਜਿੱਤ ਦਰਜ ਕੀਤੀ, ਜਦੋਂ ਕਿ ਦਕਸ਼ ਸਿੰਘ (67 ਕਿੱਲੋ) ਨੇ ਕਿਰਗਿਜ਼ਸਤਾਨ ਦੇ ਅਲਡਰ ਤੁਦੂਬਾਇਵ ਨੂੰ 4-1 ਅੰਕਾਂ ਨਾਲ ਹਰਾਇਆ। ਇੱਕ ਹੋਰ ਮੁਕਾਬਲੇ ਵਿੱਚ ਸੁਰੇਸ਼ ਵਿਸ਼ਵਨਾਥ (48 ਕਿੱਲੋ) ਨੇ ਕਿਰਗਿਜ਼ਸਤਾਨ ਦੇ ਅਮਾਨਤੁਰ ਝੋਲਬੋਰੋਸਵ ਖ਼ਿਲਾਫ਼ 5-0 ਨਾਲ ਜਿੱਤ ਦਰਜ ਕੀਤੀ। ਵਿਕਟਰ ਸੌਖੋਮ ਸਿੰਘ (54 ਕਿੱਲੋ) ਕਿਰਗਿਜ਼ਸਤਾਨ ਦੇ ਡਰਬੇਕ ਤਿਲਵਾਲਿਡਵ ਤੋਂ 2-3 ਜਦੋਂਕਿ ਵਿਜੇ ਸਿੰਘ (57 ਕਿੱਲੋ) ਤਾਜਿਕਿਸਤਾਨ ਦੇ ਮੋਰੋਦੋਵ ਅਬੂਬਕਰ ਤੋਂ 0-3 ਨਾਲ ਹਾਰ ਗਏ। ਰਵਿੰਦਰ ਸਿੰਘ ਨੂੰ ਤਾਜਿਕਿਸਤਾਨ ਦੇ ਯੋਕੂਬੋਵ ਅਬਦੁਰਰਹੀਮ ਨੇ 3-2 ਨਾਲ ਹਰਾਇਆ। ਭਾਰਤ ਨੇ ਡਰਾਅ ਦੇ ਦਿਨ ਹੀ ਆਪਣੇ ਲਈ 20 ਤਗ਼ਮੇ ਪੱਕੇ ਕਰ ਦਿੱਤੇ ਸੀ। -ਪੀਟੀਆਈ