ਰਾਂਚੀ, 22 ਫਰਵਰੀ
ਇੰਗਲੈਂਡ ਖ਼ਿਲਾਫ਼ ਚੌਥੇ ਟੈਸਟ ਵਿੱਚ ਮੁਹੰਮਦ ਸਿਰਾਜ ਦਾ ਸਾਥ ਦੇਣ ਲਈ ‘ਅਨਕੈਪਡ’ ਤੇਜ਼ ਗੇਂਦਬਾਜ਼ ਆਕਾਸ਼ਦੀਪ ਆਖ਼ਰੀ ਗਿਆਰਾਂ ਵਿੱਚ ਜਗ੍ਹਾ ਬਣਾਉਣ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਿਹਾ ਹੈ ਕਿਉਂਕਿ ਉਸ ਨੂੰ ਅੱਜ ਇੱਥੇ ਸਿਖਲਾਈ ਸੈਸ਼ਨ ਦੌਰਾਨ ਪਸੀਨਾ ਵਹਾਉਂਦੇ ਦੇਖਿਆ ਗਿਆ। ਇਸ 27 ਸਾਲਾ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਬੰਗਾਲ ਦੇ ਸਾਥੀ ਮੁਕੇਸ਼ ਕੁਮਾਰ ਨਾਲ ਬੁੱਧਵਾਰ ਨੂੰ ਨੈੱਟ ’ਤੇ ਗੇਂਦਬਾਜ਼ੀ ਅਭਿਆਸ ਕੀਤਾ ਅਤੇ ਟੈਸਟ ਦੀ ਪੂਰਬਲੀ ਸ਼ਾਮ ਮੌਕੇ ਉਸ ਨੇ ਲੰਬੇ ਬੱਲੇਬਾਜ਼ੀ ਸੈਸ਼ਨ ਵਿੱਚ ਹਿੱਸਾ ਲਿਆ। ਅੱਜ ਸਿਰਫ਼ ਪੰਜ ਹੋਰ ਭਾਰਤੀ ਖਿਡਾਰੀ ਸ਼ੁਭਮਨ ਗਿੱਲ, ਆਰ ਅਸ਼ਿਵਨ, ਕੇਐੱਸ ਭਰਤ, ਵਾਸ਼ਿੰਗਟਨ ਸੁੰਦਰ ਅਤੇ ਦੇਵਦੱਤ ਪਡੀਕੱਲ ਨੈੱਟ ’ਤੇ ਅਭਿਆਸ ਲਈ ਪੁੱਜੇ। ਅਸ਼ਿਵਨ ਤਾਂ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਸਹਿਯੋਗੀ ਸਟਾਫ ਦੇ ਹੋਰ ਮੈਂਬਰਾਂ ਨਾਲ ਪਿੱਚ ਦਾ ਮੁਆਇਨਾ ਕਰਨ ’ਚ ਰੁੱਝਿਆ ਰਿਹਾ। ਗਿੱਲ ਨੇ ਸਥਾਨਕ ਗੇਂਦਬਾਜ਼ਾਂ ਤੋਂ ‘ਥਰੋਅਡਾਊਨ’ ਦਾ ਸਾਹਮਣਾ ਕੀਤਾ। ਭਾਰਤ ਨੂੰ ਵਿਰਾਟ ਕੋਹਲੀ, ਕੇਐੱਲ ਰਾਹੁਲ ਅਤੇ ਸ਼੍ਰੇਯਸ ਅਈਅਰ ਦੀ ਗ਼ੈਰਹਾਜ਼ਰੀ ਵਿੱਚ ਰਜਤ ਪਾਟੀਦਾਰ, ਧਰੁਵ ਜੁਰੇਲ ਅਤੇ ਸਰਫਰਾਜ਼ ਖ਼ਾਨ ਨੂੰ ਟੀਮ ’ਚ ਸ਼ਾਮਲ ਕਰਨਾ ਪਿਆ। ਹੁਣ ਰਾਂਚੀ ਟੈਸਟ ਲਈ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੀ ਆਰਾਮ ਦਿੱਤਾ ਗਿਆ ਹੈ ਤਾਂ ਆਕਾਸ਼ਦੀਪ ਟੈਸਟ ਮੈਚ ਖੇਡਣ ਲਈ ਅਗਲਾ ਖਿਡਾਰੀ ਹੋ ਸਕਦਾ ਹੈ। ਘਰੇਲੂ ਟੀਮ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌਰ ਨੇ ਆਕਾਸ਼ਦੀਪ ਬਾਰੇ ਗੱਲ ਕਰਦਿਆਂ ਕਿਹਾ, ‘‘ਭਾਰਤੀ ਟੀਮ ਵਿੱਚ ਜੋ ਵੀ ਖਿਡਾਰੀ ਸ਼ਾਮਲ ਹੋਵੇਗਾ, ਉਹ ਵਿਸ਼ੇਸ਼ ਕ੍ਰਿਕਟਰ ਹੀ ਹੋਵੇਗਾ।’’ ਆਕਾਸ਼ਦੀਪ ਨੂੰ ਇੰਗਲੈਂਡ ਲਾਇਨਜ਼ ਖ਼ਿਲਾਫ਼ ਤਿੰਨ ਮੈਚ ਵਿੱਚ 12 ਵਿਕਟਾਂ ਲੈਣ ਮਗਰੋਂ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਉਹ ਚੰਗਾ ਗੇਂਦਬਾਜ਼ ਹੈ, ਜਿਸ ਨੇ ਘਰੇਲੂ ਕ੍ਰਿਕਟ ਵਿੱਚ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ ਹੈ। ਉਸ ਦੀ ਰਫ਼ਤਾਰ ਵਧੀਆ ਹੈ ਅਤੇ ਉਹ ਚੰਗੀ ਲਾਈਨ ਵਿੱਚ ਗੇਂਦਬਾਜ਼ੀ ਕਰਦਾ ਹੈ।’’
ਰਾਂਚੀ ਵਿੱਚ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ ਅਤੇ ਇਹ ਹੋਰ ਤਿੰਨ ਥਾਵਾਂ ਤੋਂ ਵੱਧ ਠੰਢਾ ਹੋਵੇਗਾ, ਜਿਸ ਕਾਰਨ ਤੇਜ਼ ਗੇਂਦਬਾਜ਼ਾਂ ਦੀ ਭੂਮਿਕਾ ਅਹਿਮ ਹੋ ਸਕਦੀ ਹੈ। ਅਜਿਹੇ ਵਿੱਚ ਆਕਾਸ਼ਦੀਪ ਦੀ ਰਫ਼ਤਾਰ ਲਾਹੇਵੰਦ ਸਾਬਤ ਹੋ ਸਕਦੀ ਹੈ ਅਤੇ ਜੇਕਰ ਉਸ ਨੂੰ ਸ਼ੁੱਕਰਵਾਰ ਨੂੰ ਆਖ਼ਰੀ ਗਿਆਰਾਂ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਉਹ ਭਾਰਤੀ ਟੈਸਟ ‘ਕੈਪ’ ਪਹਿਨਣ ਵਾਲਾ 313ਵਾਂ ਕ੍ਰਿਕਟਰ ਬਣ ਜਾਵੇਗਾ। ਇਸੇ ਤਰ੍ਹਾਂ ਮੁਕੇਸ਼ ਕੁਮਾਰ ਵੀ ਚੌਥੇ ਟੈਸਟ ਲਈ ਦੌੜ ਵਿੱਚ ਹੈ, ਉਹ ਵਿਸ਼ਾਖਾਪਟਨਮ ਵਿੱਚ ਦੂਜੇ ਟੈਸਟ ਦੀ ਪਹਿਲੀ ਪਾਰੀ ’ਚ ਇੱਕ ਵੀ ਵਿਕਟ ਨਹੀਂ ਲੈ ਸਕਿਆ ਸੀ। ਉਸ ਨੇ ਸੱਤ ਓਵਰਾਂ ਵਿੱਚ 44 ਦੌੜਾਂ ਦਿੱਤੀਆਂ ਸੀ। ਦੂਜੀ ਪਾਰੀ ਵਿੱਚ ਉਸ ਨੂੰ ਇੰਗਲੈਂਡ ਦੇ ਬੱਲੇਬਾਜ਼ ਸ਼ੋਇਬ ਬਸ਼ੀਰ ਦੀ ਵਿਕਟ ਮਿਲੀ ਸੀ। ਮੁਕੇਸ਼ ਕੁਮਾਰ ਦੇ ਮਾੜੇ ਪ੍ਰਦਰਸ਼ਨ ਨੂੰ ਦੇਖਦਿਆਂ ਆਕਾਸ਼ਦੀਪ ਨੂੰ ਰਾਂਚੀ ਟੈਸਟ ਵਿੱਚ ਆਖ਼ਰੀ ਗਿਆਰਾਂ ’ਚ ਜਗ੍ਹਾ ਮਿਲ ਸਕਦੀ ਹੈ। -ਪੀਟੀਆਈ
ਆਈਪੀਐੱਲ: ਚੇਨੱਈ ਦਾ ਰਾਇਲ ਚੈਲੰਜਰ ਬੰਗਲੂਰੂ ਨਾਲ ਮੁਕਾਬਲਾ 22 ਮਾਰਚ ਨੂੰ
ਨਵੀਂ ਦਿੱਲੀ: ਸਾਬਕਾ ਚੈਂਪੀਅਨ ਚੇਨੱਈ ਸੁਪਰ ਕਿੰਗਜ਼ 22 ਮਾਰਚ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 2024 ਸੈਸ਼ਨ ਦੇ ਸ਼ੁਰੂਆਤੀ ਮੈਚ ਵਿੱਚ ਚੇਨੱਈ ’ਚ ਰਾਇਲ ਚੈਲੰਜਰ ਬੰਗਲੂਰੂ (ਆਰਸੀਬੀ) ਦਾ ਸਾਹਮਣਾ ਕਰੇਗੀ। ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਅੱਜ ਟੀ20 ਲੀਗ ਦੇ ਪਹਿਲੇ 17 ਦਿਨ ਦੇ ਪ੍ਰੋਗਰਾਮ ਦਾ ਐਲਾਨ ਕੀਤਾ। ਆਈਪੀਐੱਲ ਦੇ ਬਚੇ ਹੋਏ ਮੁਕਾਬਲਿਆਂ ਦੇ ਪ੍ਰੋਗਰਾਮ ਦਾ ਐਲਾਨ ਅਗਲੇ ਮਹੀਨੇ ਦੇ ਸ਼ੁਰੂ ਵਿੱਚ ਆਗਾਮੀ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਮਗਰੋਂ ਕੀਤਾ ਜਾਵੇਗਾ। ਟੂਰਨਾਮੈਂਟ ਵਿੱਚ ਇਸ ਦੌਰਾਨ 22 ਮਾਰਚ ਤੋਂ ਸੱਤ ਅਪਰੈਲ ਤੱਕ 21 ਮੈਚ 10 ਸ਼ਹਿਰਾਂ ਵਿੱਚ ਖੇਡੇ ਜਾਣਗੇ। ਇਸ ਵਿੱਚ ਹਰੇਕ ਟੀਮ ਘੱਟ ਤੋਂ ਘੱਟ ਤਿੰਨ ਮੈਚ ਅਤੇ ਵੱਧ ਤੋਂ ਵੱਧ ਪੰਜ ਮੈਚ ਖੇਡੇਗੀ। ਪਹਿਲੇ ਹਫ਼ਤੇ ਵਿੱਚ ਦੋ ‘ਡਬਲ ਹੈਡਰ’ (ਇੱਕ ਦਿਨ ਵਿੱਚ ਦੋ ਮੁਕਾਬਲੇ) ਹੋਣਗੇ, ਜਿਸ ਵਿੱਚ ਪੰਜਾਬ ਕਿੰਗਜ਼ 23 ਮਾਰਚ ਨੂੰ ਦਿੱਲੀ ਕੈਪੀਟਲ ਦੀ ਮੇਜ਼ਬਾਨੀ ਕਰੇਗਾ, ਜਿਸ ਮਗਰੋਂ ਕੋਲਕਾਤਾ ਨਾਈਟ ਰਾਈਡਰਜ਼ ਦਿਨ ਦੇ ਦੂਜੇ ਮੈਚ ਵਿੱਚ ਸਨਰਾਈਡਜ਼ ਹੈਦਰਾਬਾਦ ਦੀ ਮੇਜ਼ਬਾਨੀ ਕਰੇਗਾ। -ਪੀਟੀਆਈ