ਪੈਰਿਸ: ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਵਿਕਟੋਰੀਆ ਅਜ਼ਾਰੇਂਕਾ ਨੇ ਬੇਲਾਰੂਸ ਦੀ ਐਂਡਰੀਆ ਪੈਟਕੋਵਿਕ ਨੂੰ 6-1, 7-6 (3) ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਦੱਸਣਯੋਗ ਹੈ ਕਿ ਅਜ਼ਾਰੇਂਕਾ ਦੋ ਵਾਰ ਆਸਟਰੇਲੀਅਨ ਓਪਨ ਜਿੱਤ ਚੁੱਕੀ ਹੈ ਅਤੇ ਇੱਕ ਵਾਰ ਉਹ ਰੋਲਾਂਡ ਗਾਰੌਸ ਟੂਰਨਾਮੈਂਟ ਦੇ ਸੈਮੀ ਫਾਈਨਲ ਤੱਕ ਪਹੁੰਚੀ ਸੀ ਜਦਕਿ ਐਂਡਰੀਆ ਪੈਟਕੋਵਿਕ 2014 ਵਿੱਚ ਫਰੈਂਚ ਓਪਨ ਦੇ ਸੈਮੀ ਫਾਈਨਲ ਵਿੱਚ ਪਹੁੰਚੀ ਪਰ ਉਸ ਤੋਂ ਮਗਰੋਂ ਉਹ ਕਿਸੇ ਵੀ ਗਰੈਂਡ ਸਲੈਮ ਟੂਰਨਾਮੈਂਟ ਦੇ ਤੀਜੇ ਗੇੜ ਤੋਂ ਅੱਗੇ ਨਹੀਂ ਵਧ ਸਕੀ।
ਹੋਰ ਮੁਕਾਬਲਿਆਂ ਵਿੱਚ ਡੈਨਮਾਰਕ ਦੇ ਹੋਲਗਰ ਰੂਨੇ ਨੇ ਡੈਨਿਸ ਸ਼ਾਪੋਵਾਲੋਵ ਨੂੰ 6-3, 6-7, 7-6 ਨਾਲ ਹਰਾਇਆ। ਉੱਥੇ ਹੀ ਸਿਟਸਿਪਾਸ ਨੇ ਲੋਰੇਂਜ਼ੋ ਮੁਸੇਟੀ ਨੂੰ 5-7, 4-6, 6-2, 6-3, 6-2 ਨਾਲ ਮਾਤ ਦਿੱਤੀ। ਮਹਿਲਾ ਵਰਗ ਵਿੱਚ 2017 ਦੀ ਚੈਂਪੀਅਨ ਜੈਲੇਨਾ ਓਸਟਾਪੇਂਕੋ, 2018 ਦੀ ਚੈਂਪੀਅਨ ਸਿਮੋਨਾ ਹਾਲੇਪ, ਅਰਾਇਨਾ ਸਬਾਲੇਂਕਾ, ਡੈਨੀਅਲ ਕੋਲਿਨਸ ਅਤੇ ਜੈਸਿਕਾ ਪੇਗੁਲਾ ਦੂਜੇ ਗੇੜ ਵਿੱਚ ਪਹੁੰਚ ਗਈਆਂ ਹਨ। -ਏਪੀ
ਸੋਂਗਾ ਨੇ ਟੈਨਿਸ ਨੂੰ ਅਲਵਿਦਾ ਕਿਹਾ
ਫਰੈਂਚ ਓਪਨ ਦੇ ਪੁਰਸ਼ ਸਿੰਗਲਜ਼ ਵਿੱਚ ਕੈਸਪਰ ਰੂਡ ਤੋਂ ਮਿਲੀ ਹਾਲ ਮਗਰੋਂ ਫਰਾਂਸ ਦੇ ਜੋਅ ਵਿਲਫ੍ਰਾਈਡ ਸੋਂਗਾ ਨੇ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ। ਸੋਂਗਾ ਨੂੰ ਰੂਡ ਨੇ 6-7, 7-6, 6-2, 7-6 ਨਾਲ ਹਰਾਇਆ। 2008 ਆਸਟਰੇਲਿਆਈ ਓਪਨ ਫਾਈਨਲ ਤੱਕ ਪਹੁੰਚਣ ਵਾਲਾ ਸੋਂਗਾ ਡੇਵਿਸ ਕੱਪ ਜੇਤੂ ਫਰਾਂਸ ਟੀਮ ਦਾ ਮੈਂਬਰ ਵੀ ਰਿਹਾ ਹੈ। ਆਪਣੇ ਪਰਿਵਾਰ ਅਤੇ ਘਰੇਲੂ ਦਰਸ਼ਕਾਂ ਸਾਹਮਣੇ ਟੈਨਿਸ ਨੂੰ ਅਲਵਿਦਾ ਆਖਦਿਆਂ ਉਸ ਨੇ ਕਿਹਾ, ‘‘ਮੈਂ ਅਜਿਹਾ ਮਾਹੌਲ ਕਦੇ ਨਹੀਂ ਦੇਖਿਆ। ਇਸ ਤੋਂ ਬਿਹਤਰ ਕੁੱਝ ਨਹੀਂ ਹੋ ਸਕਦਾ। ਜੇ ਮੈਂ ਜਿੱਤ ਜਾਂਦਾ ਤਾਂ ਸੋਨੇ ’ਤੇ ਸੁਹਾਗਾ ਹੁੰਦਾ।’’