ਪ੍ਰਿੰ. ਸਰਵਣ ਸਿੰਘ
ਹਾਕੀ ਦਾ ‘ਗੋਲ ਕਿੰਗ’ ਬਲਬੀਰ ਸਿੰਘ 97ਵੇਂ ਸਾਲ ਦੀ ਲੰਮੇਰੀ ਉਮਰ ਵਿਚ ਖੇਡ ਜਗਤ ਨੂੰ ਆਖ਼ਰੀ ਫਤਿਹ ਬੁਲਾ ਗਿਆ। ਉਸਨੇ ਪਹਿਲਾ ਸਾਹ ਆਪਣੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਦੀ ਫਿਜ਼ਾ ਵਿਚ 31 ਦਸੰਬਰ 1923 ਦੀ ਰਾਤ ਨੂੰ ਲਿਆ ਸੀ ਤੇ ਆਖ਼ਰੀ ਸਾਹ 25 ਮਈ 2020 ਦੀ ਸਵੇਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਲਿਆ। ਉਸਦੀ ਧੀ ਸੁਸ਼ਬੀਰ ਕੌਰ ਤੇ ਦੋਹਤੇ ਕਬੀਰ ਸਿੰਘ ਨੇ ਦੱਸਿਆ ਕਿ ਰਾਤੀਂ ਜਦੋਂ ਉਹ ਮਿਲ ਕੇ ਆਏ ਤਾਂ ਉਹ ਠੀਕ-ਠਾਕ ਸਨ, ਪਰ ਤੜਕਸਾਰ ਦਿਲ ਦਾ ਚੌਥਾ ਦੌਰਾ ਪਿਆ ਜਿਸ ਨਾਲ ਜੀਵਨ ਦੀ ਖੇਡ ਹੀ ਖ਼ਤਮ ਹੋ ਗਈ। ਪਿਛਲੇ ਸਾਲ ਵੀ ਉਨ੍ਹਾਂ ਦੀ ਸਹਿਤ ਕਾਫ਼ੀ ਢਿੱਲੀ ਰਹੀ ਸੀ। ਬਲਬੀਰ ਸਿੰਘ ਦੀ ਪਤਨੀ ਸੁਸ਼ੀਲ ਕੌਰ 1982 ਵਿਚ ਗੁਜ਼ਰ ਗਈ ਸੀ। ਉਸਦੇ ਤਿੰਨ ਪੁੱਤਰ ਹਨ ਤੇ ਇਕ ਧੀ। ਤਿੰਨੇ ਪੁੱਤਰ ਇਸ ਵੇਲੇ ਕੈਨੇਡਾ ਵਿਚ ਹਨ। ਧੀ ਦਾ ਪਤੀ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ 2012 ਵਿਚ ਗੁਜ਼ਰ ਗਿਆ ਸੀ। ਪਿਛਲੇ ਕੁਝ ਸਾਲਾਂ ਤੋਂ ਬਲਬੀਰ ਸਿੰਘ ਆਪਣੀ ਧੀ ਤੇ ਦੋਹਤੇ ਪਾਸ ਚੰਡੀਗੜ੍ਹ ਰਹਿ ਰਿਹਾ ਸੀ।
‘ਗੋਲਡਨ ਹੈਟ੍ਰਿਕ’ ਐਜ਼ ਟੋਲਡ ਟੂ ਸੈਮੂਅਲ ਬੈਨਰਜੀ, ਬਲਬੀਰ ਸਿੰਘ ਦੀ ਅੰਗਰੇਜ਼ੀ ਵਿਚ ਲਿਖੀ ਜੀਵਨੀ ਹੈ ਜੋ 1977 ਵਿਚ ਛਪੀ ਸੀ। ‘ਗੋਲਡਨ ਗੋਲ’ ਮੇਰੇ ਵੱਲੋਂ ਪੰਜਾਬੀ ਵਿਚ ਲਿਖੀ ਉਨ੍ਹਾਂ ਦੀ ਜੀਵਨੀ ਹੈ ਜੋ 2015 ਵਿਚ ਪ੍ਰਕਾਸ਼ਿਤ ਹੋਈ। ਉਹ ਜੀਵਨੀ ਮੈਂ ਬਲਬੀਰ ਸਿੰਘ ਦੇ ਇਸ ਕਥਨ ਨਾਲ ਸਮਾਪਤ ਕੀਤੀ ਸੀ,‘ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਵੀ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ ‘ਗੋਲਡਨ ਗੋਲ’ ਹੋ ਗਿਆ ਤਾਂ ਖੇਡ ਖ਼ਤਮ ਹੋ ਜਾਵੇਗੀ।’
ਹਾਕੀ ਦੇ ਯੁੱਗ ਪੁਰਸ਼ ਬਲਬੀਰ ਸਿੰਘ ਨੇ ਓਲੰਪਿਕ ਖੇਡਾਂ ’ਚੋਂ ਤਿੰਨ ਗੋਲਡ ਮੈਡਲ ਜਿੱਤੇ ਜਿਸ ਕਰਕੇ ਉਸਨੂੰ ‘ਗੋਲਡਨ ਹੈਟ੍ਰਿਕ’ ਵਾਲਾ ਬਲਬੀਰ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀਫਾਈਨਲ ਤੇ ਫਾਈਨਲ ਮੈਚਾਂ ’ਚ ਭਾਰਤੀ ਟੀਮ ਦੇ 9 ਗੋਲਾਂ ਵਿਚੋਂ 8 ਗੋਲ ਉਸਦੀ ਹਾਕੀ ਨਾਲ ਹੋਏ। ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ ’ਚੋਂ ਉਸਦੇ 5 ਗੋਲ ਸਨ ਜੋ ਓਲੰਪਿਕ ਖੇਡਾਂ ਦਾ ਹੁਣ ਤਕ ਅਟੁੱਟ ਰਿਕਾਰਡ ਹੈ। ਲੰਡਨ ਓਲੰਪਿਕ-2012 ਮੌਕੇ ਓਲੰਪਿਕ ਖੇਡਾਂ ਦੇ ਇਤਿਹਾਸ ’ਚੋਂ ਜਿਹੜੇ 16 ‘ਆਈਕੌਨਿਕ ਓਲੰਪੀਅਨ’ ਚੁਣੇ ਗਏ ਉਨ੍ਹਾਂ ’ਚ ਬਲਬੀਰ ਸਿੰਘ ਵੀ ਸ਼ਾਮਲ ਹੈ। ਸਾਰੀ ਦੁਨੀਆਂ ’ਚੋਂ ਹਾਕੀ ਦਾ ਸਿਰਫ਼ ਉਹੀ ਖਿਡਾਰੀ ਹੈ ਜਿਸਨੂੰ ਇਹ ਮਾਣ ਮਿਲਿਆ। ਓਲੰਪਿਕ ਖੇਡਾਂ ਦੇ 16 ਰਤਨਾਂ ਵਿਚ 8 ਮਰਦ ਹਨ ਤੇ 8 ਔਰਤਾਂ। ਉਨ੍ਹਾਂ ਵਿਚ ਭਾਰਤੀ ਉਪ ਮਹਾਂਦੀਪ ਦਾ ’ਕੱਲਾ ਬਲਬੀਰ ਸਿੰਘ ਹੀ ਹੈ।
ਓਲੰਪਿਕ ਖੇਡਾਂ ਦੇ ਗੋਲਡਨ ਹੈਟ੍ਰਿਕ ਤੋਂ ਬਿਨਾਂ ਉਨ੍ਹਾਂ ਨੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਵਿਸ਼ਵ ਹਾਕੀ ਕੱਪ ਜਿਤਾਇਆ ਅਤੇ ਛੇ ਹੋਰ ਮੈਡਲ ਭਾਰਤੀ ਟੀਮਾਂ ਨੂੰ ਜਿਤਾਏ। ਹਾਕੀ ਦੀ ਕੋਚਿੰਗ ਬਾਰੇ ‘ਦਿ ਗੋਲਡਨ ਯਾਰਡ ਸਟਿਕ’ ਪੁਸਤਕ ਵੀ ਲਿਖੀ। ਭਾਰਤ-ਚੀਨ ਜੰਗ ਵੇਲੇ ਆਪਣੇ ਤਿੰਨੇ ਓਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਫੰਡ ਲਈ ਦਾਨ ਕੀਤੇ। ਫਿਰ ਆਪਣੀਆਂ ਸਾਰੀਆਂ ਖੇਡ ਨਿਸ਼ਾਨੀਆਂ ਸਾਈ ਦੇ ਸਪੁਰਦ ਕਰ ਦਿੱਤੀਆਂ।
ਪੁਸਤਕ ਦੀਆਂ ਅੰਤਲੀਆਂ ਸਤਰਾਂ ਸਨ: ਕੀ ਸਰਕਾਰਾਂ ਬਲਬੀਰ ਸਿੰਘ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹਨ? ਭਾਰਤੀ ਖਿਡਾਰੀਆਂ ’ਚੋਂ ਸਚਿਨ ਤੇਂਦੁਲਕਰ ਨੂੰ ਜੀਂਦੇ ਜੀਅ ਭਾਰਤ ਰਤਨ ਦੇ ਦਿੱਤਾ ਗਿਆ। ਵੇਖਦੇ ਹਾਂ ਬਲਬੀਰ ਸਿੰਘ ਨੂੰ ਭਾਰਤ ਰਤਨ ਜਿਊਂਦੇ ਜੀਅ ਮਿਲਦਾ ਹੈ ਜਾਂ ਜੀਵਨ ਉਪਰੰਤ?
ਬਲਬੀਰ ਸਿੰਘ ਦਾ ਜਨਮ ਉਸਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਵਿਚ ਹੋਇਆ ਸੀ। ਉਸਦਾ ਦਾਦਕਾ ਪਿੰਡ ਪਵਾਦੜਾ ਹੈ। ਇਹ ਦੋਵੇਂ ਪਿੰਡ ਤਹਿਸੀਲ ਫਿਲੌਰ ਵਿਚ ਹਨ। ਉਸਦੇ ਤਿੰਨੇ ਪੁੱਤਰ ਹੁਣ ਕੈਨੇਡੀਅਨ ਹਨ ਜਿਨ੍ਹਾਂ ਦੀਆਂ ਪਤਨੀਆਂ ਸਿੰਘਾਪੁਰ, ਚੀਨ ਤੇ ਯੂਕਰੇਨ ਤੋਂ ਹਨ। ਧੀ ਸੁਸ਼ਬੀਰ ਕੌਰ ਤੇ ਦੋਹਤਾ ਕਬੀਰ ਸਿੰਘ ਭੋਮੀਆ ਹਨ। ਬਲਬੀਰ ਸਿੰਘ ਦੇ ਪੁਰਖਿਆਂ ਦੀ ਬੰਸਾਵਲੀ ਵਿਚ ਦਸਵਾਂ ਪੁਰਖਾ ਭਾਈ ਬਿਧੀ ਚੰਦ ਸੀ।
ਬਲਬੀਰ ਸਿੰਘ ਕਿਹਾ ਕਰਦਾ ਸੀ, ‘ਮੈਂ ਪਿੱਛਲਝਾਤ ਮਾਰਦਾਂ ਤਾਂ ਮੈਨੂੰ ਮੇਰਾ ਨਾਨਕਾ ਪਿੰਡ ਹਰੀਪੁਰ ਯਾਦ ਆ ਜਾਂਦੈ। ਉੱਥੇ ਮੈਂ ਪਿੰਡ ਦੇ ਨਿਆਣੇ ਖਿੱਦੋ-ਖੂੰਡੀ ਖੇਡਦੇ ਦੇਖੇ। ਪੰਜ ਕੁ ਸਾਲ ਦਾ ਸਾਂ ਜਦੋਂ ਮੋਗੇ ਗਿਆ। ਉੱਥੇ ਮੇਰੇ ਪਿਤਾ ਜੀ ਅਧਿਆਪਕ ਸਨ। ਮੈਂ ਮੁੰਡਿਆਂ ਨੂੰ ਸਕੂਲ ਦੇ ਮੈਦਾਨ ਵਿਚ ਹਾਕੀ ਖੇਡਦੇ ਦੇਖੀ ਜਾਂਦਾ। ਹਾਕੀ ਮੈਨੂੰ ਮੰਧਰ ਮੁਗਧ ਕਰ ਦਿੰਦੀ ਤੇ ਮੈਨੂੰ ਸੁਰਤ ਨਾ ਰਹਿੰਦੀ ਕਿ ਧੁੱਪੇ ਬੈਠਾ ਹਾਂ ਜਾਂ ਛਾਵੇਂ? ਫਿਰ ਮੇਰਾ ਜਨਮ ਦਿਨ ਆਇਆ। ਪਿਤਾ ਜੀ ਨੇ ਪੁੱਛਿਆ, ਕਿਹੜਾ ਖਿਡਾਉਣਾ ਲੈਣਾ? ਮੈਂ ਹਾਕੀ ਦੀ ਮੰਗ ਕੀਤੀ ਜੋ ਮੈਨੂੰ ਜਨਮ ਦਿਨ ਦੇ ਤੋਹਫ਼ੇ ਵਜੋਂ ਮਿਲੀ। ਉਹ ਦਿਨ ਤੇ ਆਹ ਦਿਨ, ਹਾਕੀ ਮੇਰਾ ਇਸ਼ਕ ਹੈ…। ਮੇਰੀਆਂ ਵੱਡੀਆਂ ਜਿੱਤਾਂ ਸੁਸ਼ੀਲ ਨਾਲ ਵਿਆਹ ਕਰਾਉਣ ਤੋਂ ਬਾਅਦ ਦੀਆਂ ਹਨ। ਮੈਂ ਅਕਸਰ ਆਖਦਾਂ ਮੇਰੀ ਇਕ ਪਤਨੀ ਸੁਸ਼ੀਲ ਸੀ ਤੇ ਦੂਜੀ ਹਾਕੀ। ਪਰ ਸੁਸ਼ੀਲ ਨੇ ਹਾਕੀ ਨੂੰ ਸੌਂਕਣ ਸਮਝਣ ਦੀ ਥਾਂ ਭੈਣ ਸਮਝਿਆ।’
ਅਫ਼ਸੋਸ ਹੈ! ਬਲਬੀਰ ਸਿੰਘ ਵਰਗੇ ਦੇਸ਼ਭਗਤ ਇਨਸਾਨ ਅਤੇ ਵਿਸ਼ਵ ਦੇ ਅੱਵਲ ਨੰਬਰ ਹਾਕੀ ਖਿਡਾਰੀ ਦੀ ਭਾਰਤ ਦੀਆਂ ਕੌਮੀ ਸਰਕਾਰਾਂ ਉਹ ਕਦਰ ਨਹੀਂ ਪਾ ਸਕੀਆਂ ਜਿਸਦਾ ਉਹ ਹੱਕਦਾਰ ਸੀ। ਸ਼ੁਕਰ ਹੈ ਵਿਸ਼ਵ ਦੀ ਸੁਪਰੀਮ ਖੇਡ ਸੰਸਥਾ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਉਸਨੂੰ ‘ਆਈਕੌਨਿਕ ਓਲੰਪੀਅਨ’ ਯਾਨੀ ਓਲੰਪਿਕ ਰਤਨ ਦੇ ਖ਼ਿਤਾਬ ਨਾਲ ਨਿਵਾਜਿਆ। ਅਮਰ ਰਹੇ ਸਾਡਾ ਜੋਧਾ ਖਿਡਾਰੀ ਬਲਬੀਰ ਸਿੰਘ!
ਬਲਬੀਰ ਸਿੰਘ ਦੇ ਜੀਵਨ ਦੇ ਕੁਝ ਖ਼ਾਸ ਪਲ
1947 ਦੇ ਖੂਨੀ ਦਿਨ ਸਨ। ਬਲਬੀਰ ਸਿੰਘ ਨਾਲ ਵੀ ਇਕ ਦੁਰਘਟਨਾ ਵਾਪਰੀ। ਜੇਕਰ ਰਾਈਫਲ ’ਚੋਂ ਨਿਕਲੀ ਗੋਲੀ ਰਤਾ ਕੁ ਨੀਵੀਂ ਹੁੰਦੀ ਤਾਂ ਨਾ ਬਲਬੀਰ ਸਿੰਘ ਬਚਦਾ ਤੇ ਨਾ ਉਸਤੋਂ ਓਲੰਪਿਕ ਖੇਡਾਂ ਦਾ ‘ਗੋਲਡਨ ਹੈਟ੍ਰਿਕ’ ਵੱਜਦਾ। ਪਰ ਬਲਬੀਰ ਸਿੰਘ ਕਿਸਮਤ ਦਾ ਬਲੀ ਨਿਕਲਿਆ ਜੋ ਲੰਮੀ ਉਮਰ ਜਿਊਣ ਲਈ ਮੌਤ ਦੇ ਹੱਥ ਆਉਣੋ ਬਚ ਗਿਆ। ਗੋਲੀ ਉਸਦੇ ਮੱੱਥੇ ਉੱਪਰ ਦੀ ਵਾਲਾਂ ਨੂੰ ਛੋਂਹਦੀ ਪੱਗ ਵਿਚੋਂ ਨਿਕਲ ਗਈ ਸੀ।
ਲਾਸ ਏਂਜਲਸ-1984 ਦੀਆਂ ਓਲੰਪਿਕ ਖੇਡਾਂ ਵਿਚ ਭਾਰਤ ਦਾ ਹਾਕੀ ਮੈਚ ਹੋਣ ਲੱਗਾ ਤਾਂ ਕੁਝ ਦਰਸ਼ਕਾਂ ਨੇ ਤਿਰੰਗੇ ਚੁੱਕੇ ਹੋਏ ਸਨ। ਅਸ਼ਵਨੀ ਕੁਮਾਰ ਹੋਰੀਂ ਸਟੇਜ ਉੱਪਰ ਬੈਠੇ ਸਨ ਤੇ ਬਲਬੀਰ ਸਿੰਘ ਇਕ ਕਤਾਰ ਹੇਠਾਂ ਬੈਠਾ ਸੀ। ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਇਕ ਨੌਜੁਆਨ ਨੇ ਕਿਸੇ ਕੋਲੋਂ ਤਿਰੰਗਾ ਖੋਹਿਆ ਤੇ ਪੈਰਾਂ ਹੇਠ ਮਿੱਧਣ ਲੱਗਾ। ਬਲਬੀਰ ਸਿੰਘ ਤਿਰੰਗੇ ਦੀ ਬੇਅਦਬੀ ਨਾ ਸਹਿ ਸਕਿਆ। ਉਸਨੇ ਦੌੜ ਕੇ ਝੰਡਾ ਉਸਦੇ ਪੈਰਾਂ ਹੇਠੋਂ ਖਿੱਚ ਲਿਆ। ਖ਼ਾਲਿਸਤਾਨੀ ਨੌਜੁਆਨ ਨੇ ਕਸ਼ਮਕਸ਼ ਵਿਚ ਤਿਰੰਗਾ ਪਾੜਨਾ ਚਾਹਿਆ। ਤਦ ਤਕ ਪੁਲੀਸ ਆ ਗਈ ਜਿਸਨੇ ਸਥਿਤੀ ਸੰਭਾਲ ਲਈ।
2 ਨਵੰਬਰ 1984 ਦਾ ਦਿਨ ਸੀ। ਟੋਕੀਓ ਦੇ ਹਵਾਈ ਅੱਡੇ ’ਤੇ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸਦੇ ਬਾਡੀ ਗਾਰਡਾਂ ਨੇ ਕਤਲ ਕਰ ਦਿੱਤੈ। ਦਿੱਲੀ ਵਿਚ ਸਿੱਖਾਂ ਦੀ ਜਾਨ ਖ਼ਤਰੇ ਵਿਚ ਹੈ। ਕੁਝ ਸਿੱਖ ਮੁਸਾਫ਼ਿਰ ਟੋਕੀਓ ਰੁਕ ਗਏ, ਪਰ ਬਲਬੀਰ ਸਿੰਘ ਨਾ ਰੁਕਿਆ। ਜਿਹੋ ਜਿਹਾ ਖ਼ਤਰਾ ਲਾਸ ਏਂਜਲਸ ਵਿਚ ਸਹੇੜਿਆ ਸੀ ਉਹੋ ਜਿਹਾ ਖ਼ਤਰਾ ਸਹੇੜਨ ਲਈ ਉਹ ਦਿੱਲੀ ਨੂੰ ਚੱਲ ਪਿਆ। ਉਸਨੇ ਆਪਣੀ ਧੀ ਤੇ ਜੁਆਈ ਪਾਸ ਦਿੱਲੀ ਆਉਣਾ ਸੀ। ਉਨ੍ਹਾਂ ਦੇ ਜੁਆਈ ਦਾ ਛੋਟਾ ਭਰਾ ਗੁਰਿੰਦਰਜੀਤ ਸਿੰਘ ਬੀ. ਐੱਸ. ਐੱਫ. ਵਿਚ ਅਫ਼ਸਰ ਸੀ। ਉਸਦੀ ਡਿਊਟੀ ਲਾਈ ਗਈ ਕਿ ਉਹ ਹਵਾਈ ਅੱਡੇ ’ਤੇ ਜਾਵੇ ਅਤੇ ਬਲਬੀਰ ਸਿੰਘ ਨੂੰ ਸੁਰੱਖਿਅਤ ਘਰ ਲਿਆਵੇ। ਕੈਸੇ ਦਿਨ ਆ ਗਏ ਸਨ? ਉਹ ਓਲੰਪਿਕ ਮੈਡਲ ਜਿੱਤ ਕੇ ਮੁੜਦਾ ਸੀ ਤਾਂ ਨਾਇਕਾਂ ਵਾਲਾ ਸਵਾਗਤ ਹੁੰਦਾ ਸੀ। ਪਰ ਅੱਜ? ਪੱਗ ਦਾੜ੍ਹੀ ਕਰਕੇ ਉਸਦੀ ਜਾਨ ਖ਼ਤਰੇ ਵਿਚ ਸੀ!
ਸਿਰੋਂ ਮੋਨੇ ਗੁਰਿੰਦਰਜੀਤ ਨੇ ਬਲਬੀਰ ਸਿੰਘ ਨੂੰ ਗੱਡੀ ਵਿਚ ਬਿਠਾ ਕੇ ਪਰਦਾ ਤਾਣਨਾ ਤੇ ਪੱਗ ਢਕਣੀ ਚਾਹੀ ਤਾਂ ਬਲਬੀਰ ਸਿੰਘ ਨੇ ਰੋਕਿਆ ਕਿ ਇੱਥੇ ਮੈਨੂੰ ਕਾਹਦਾ ਖ਼ਤਰਾ? ਤਿਰੰਗੇ ਦੀ ਇੱਜ਼ਤ ਤੇ ਸਨਮਾਨ ਲਈ ਖ਼ਤਰੇ ਸਹੇੜਨ ਵਾਲੇ ਜ਼ਿੰਦਾਦਿਲ ਖਿਡਾਰੀ ਨੂੰ ਨਹੀਂ ਸੀ ਪਤਾ ਕਿ ਲਾਸ ਏਜ਼ਲਸ ਵਿਚਲੇ ਖ਼ਤਰਿਆਂ ਤੋਂ ਤਾਂ ਉਹ ਬਚ ਆਇਆ ਸੀ, ਪਰ ਦਿੱਲੀ ਵਿਚਲਾ ਖ਼ਤਰਾ ਉਸਨੂੰ ਬਰੂਹਾਂ ’ਤੇ ਉਡੀਕ ਰਿਹਾ ਸੀ! ਇਹ ਤਾਂ ਗੁਰਿੰਦਰਜੀਤ ਦੀ ਹਿੰਮਤ ਸੀ ਕਿ ਉਹ ਬਲਬੀਰ ਸਿੰਘ ਨੂੰ ਜੀਂਦੇ ਜੀਅ ਧੀ ਦੇ ਘਰ ਲੈ ਆਇਆ।
ਲਾਸ ਏਂਜਲਸ ਤੋਂ ਪਾਕਿਸਤਾਨ ਦੀ ਹਾਕੀ ਟੀਮ ਨੇ ਗੋਲਡ ਮੈਡਲ ਜਿੱਤ ਲਿਆ ਸੀ। ਪਾਕਿਸਤਾਨ ਨੇ ਕਰਾਚੀ ਵਿਚ ਓਲੰਪਿਕ ਜੇਤੂ ਟੀਮ ਦਾ ਰੈੱਸਟ ਆਫ ਵਰਲਡ ਟੀਮ ਨਾਲ ਮੈਚ ਕਰਾਉਣਾ ਸੀ। ਬਲਬੀਰ ਸਿੰਘ ਨੂੰ ਕਰਾਚੀ ਸੱਦਿਆ ਗਿਆ ਤੇ ਰੈੱਸਟ ਆਫ ਵਰਲਡ ਟੀਮ ਦਾ ਮੈਨੇਜਰ ਬਣਾਇਆ ਗਿਆ ਜਿਸ ਵਿਚ ਪੰਜ ਮੁਲਕਾਂ ਦੇ ਖਿਡਾਰੀ ਸ਼ਾਮਲ ਸਨ। ਪਾਕਿਸਤਾਨ ਦਾ ਸਦਰ ਜਨਰਲ ਜ਼ਿਆ ਉੱਲ ਹੱਕ ਸਟੇਡੀਅਮ ਵਿਚ ਮੌਜੂਦ ਸੀ। ਉਸਨੇ ਬਲਬੀਰ ਸਿੰਘ ਨੂੰ ਆਪਣੇ ਪਾਸ ਸੱਦਦਿਆਂ ਕਿਹਾ, ‘ਬਲਬੀਰ ਸਿੰਘ ਮੇਰੇ ਕੋਲ ਆਓ, ਆਪਾਂ ਤਾਂ ਇਕੋ ਪਿੰਡ ਦੇ ਹਾਂ। ਤੁਸੀਂ ਵੀ ਜ਼ਿਲ੍ਹਾ ਜਲੰਧਰ ਦੇ ਓ ਤੇ ਮੈਂ ਵੀ ਜਲੰਧਰ ਦੀ ਬਸਤੀ ਦਾ ਹਾਂ।’
ਅਪਣੱਤ ਭਰੇ ਸੱਦੇ ਨਾਲ ਬਲਬੀਰ ਸਿੰਘ ਜਨਰਲ ਜ਼ਿਆ ਉੱਲ ਹੱਕ ਕੋਲ ਜਾ ਬੈਠਾ। ਹਾਫ ਟਾਈਮ ਵੇਲੇ ਬਲਬੀਰ ਸਿੰਘ ਮੈਦਾਨ ’ਚ ਆਪਣੀ ਟੀਮ ਕੋਲ ਗਿਆ ਤਾਂ ਸਟੈਂਡਾਂ ਤੋਂ ‘ਬਲਬੀਰ ਸਿੰਘ ਜ਼ਿੰਦਾਬਾਦ’ ਦੇ ਨਾਅਰੇ ਲੱਗਣ ਲੱਗੇ। ਉਸਨੇ ਹੱਥ ਹਿਲਾ ਕੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕੀਤਾ। ਮੈਦਾਨ ’ਚੋਂ ਬਾਹਰ ਆਉਣ ਲੱਗਾ ਤਾਂ ਜਨੂਨੀ ਹਜੂਮ ਨੇ ‘ਇੰਡੀਆ ਮੁਰਦਾਬਾਦ’ ਦਾ ਨਾਅਰਾ ਲਾ ਦਿੱਤਾ ਜਿਸ ਲਈ ਬਲਬੀਰ ਸਿੰਘ ਨੇ ਸਿਰ ਫੇਰ ਕੇ ਉਨ੍ਹਾਂ ਨੂੰ ਅਜਿਹਾ ਕਰਨੋਂ ਰੋਕਿਆ। ਬਾਹਰ ਆਇਆ ਤਾਂ ਉਨ੍ਹਾਂ ਨੇ ਕਿਹਾ, ‘ਸਰਦਾਰ ਜੀ, ਅਸੀਂ ਤਾਂ ਤੁਹਾਨੂੰ ਖ਼ਾਲਿਸਤਾਨ ਦੇ ਰਹੇ ਹਾਂ, ਤੁਸੀ ਪਸੰਦ ਨਹੀਂ ਕਰ ਰਹੇ।’ ਬਲਬੀਰ ਸਿੰਘ ਦਾ ਜਵਾਬ ਸੀ, ‘ਤੁਸੀਂ ਖ਼ਾਲਿਸਤਾਨ ਦੇ ਸਕਦੇ ਹੁੰਦੇ ਤਾਂ ਆਪਣਾ ਬੰਗਲਾ ਦੇਸ਼ ਨਾ ਖੁਹਾਉਂਦੇ!’