ਪੱਤਰ ਪ੍ਰੇਰਕ
ਪਟਿਆਲਾ/ਰਾਜਪੁਰਾ/ਘਨੌਰ, 5 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਅੱਜ ਪਟਿਆਲਾ ਜ਼ਿਲ੍ਹੇ ਦੇ ਛੇ ਬਲਾਕਾਂ ਸ਼ੰਭੂ ਕਲਾਂ, ਸਮਾਣਾ, ਰਾਜਪੁਰਾ, ਘਨੌਰ, ਸਨੌਰ ਤੇ ਪਾਤੜਾਂ ਵਿੱਚ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਹੋਈ। ਖੇਡਾਂ ਦੇ ਆਗਾਜ਼ ਦੌਰਾਨ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ, ਵਿਧਾਇਕ ਗੁਰਲਾਲ ਘਨੌਰ, ਵਿਧਾਇਕ ਨੀਨਾ ਮਿੱਤਲ ਤੇ ਵਿਧਾਇਕ ਕੁਲਵੰਤ ਸਿੰਘ ਨੇ ਖੇਡਾਂ ਵਿੱਚ ਹਿੱਸਾ ਲੈ ਰਹੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਅੱਜ ਦੇ ਖੇਡ ਮੁਕਾਬਲਿਆਂ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜਦਾਨ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਬਲਾਕ ਸ਼ੰਭੂ ਕਲਾਂ ਵਿੱਚ ਅੰਡਰ 14 ਲੜਕਿਆਂ ਦੀ ਖੋਹ-ਖੋਹ ਟੀਮ ਲੋਹ ਸਿੰਬਲੀ ਨੇ ਹਾਸ਼ਮਪੁਰ ਨੂੰ 9-0 ਨਾਲ ਹਰਾਇਆ। ਇਸੇ ਤਰ੍ਹਾਂ ਬਲਾਕ ਪਾਤੜਾਂ ਵਿੱਚ ਅੰਡਰ 21 ਵਾਲੀਬਾਲ ਲੜਕਿਆਂ ਪਾਤੜਾਂ ਦੀ ਟੀਮ ਪੈਰਾਡਾਈਜ਼ ਟੀਮ ਨੂੰ 2-0 ਨਾਲ ਹਰਾ ਕੇ ਜੇਤੂ ਰਹੀ। ਬਲਾਕ ਸਮਾਣਾ ਵਿੱਚ ਅੰਡਰ 14 ਖੋਹ-ਖੋਹ ਲੜਕਿਆਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜ਼ੀਪੁਰ ਨੇ ਸਰਕਾਰੀ ਹਾਈ ਸਕੂਲ ਸਹਿਜਪੁਰ ਦੀ ਟੀਮ ਨੂੰ ਹਰਾਇਆ। ਅੰਡਰ 17 ਲੜਕੀਆਂ ਖੋਹ ਖੋਹ ਸਰਕਾਰੀ ਹਾਈ ਸਕੂਲ ਮਰੋੜੀ ਨੇ ਬਾਬਾ ਬੰਦਾ ਬਹਾਦਰ ਸਕੂਲ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਵਾਲੀਬਾਲ ਅੰਡਰ-14 ਲੜਕਿਆਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਕਰਹਾਲੀ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਕਰਹਾਲੀ ਨੇ ਦੂਜਾ ਸਥਾਨ ਅਤੇ ਮਾਡਲ ਪਬਲਿਕ ਸਕੂਲ ਸਮਾਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਬਲਾਕ ਸਨੌਰ ਖੋ-ਖੋ ਵਿੱਚ ਅੰਡਰ-14 ਲੜਕਿਆਂ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਨੌਰ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਫ਼ਤਿਹਪੁਰ ਰਾਜਪੂਤਾਂ ਨੂੰ 10-03 ਨਾਲ ਹਰਾਇਆ। ਇਸੇ ਤਰ੍ਹਾਂ ਕਬੱਡੀ ਅੰਡਰ-21 ਲੜਕਿਆਂ ਵਿੱਚ ਸ਼ਹੀਦ ਊਧਮ ਸਿੰਘ ਸਟੇਡੀਅਮ ਸਨੌਰ ਦੀ ਟੀਮ ਜੇਤੂ ਰਹੀ।
ਬਲਾਕ ਘਨੌਰ ਵਿੱਚ ਅੰਡਰ 14 ਲੜਕਿਆਂ ਕਬੱਡੀ ਨੇ ਲਾਛੜੂ ਕਲਾਂ ਦੀ ਟੀਮ ਨੇ ਯੂਨੀਵਰਸਿਟੀ ਕਾਲਜ ਨੂੰ ਹਰਾਇਆ। ਬਲਾਕ ਰਾਜਪੁਰਾ ਵਿੱਚ ਅੰਡਰ-14 ਲੜਕਿਆ ਗੇਮ ਫੁਟਬਾਲ ਦੀ ਟੀਮ ਸਮਾਰਟ ਮਾਇੰਡ ਪਬਲਿਕ ਸਕੂਲ ਨੇ ਐਂਜਲ ਵੈਲੀ ਸਕੂਲ ਨੂੰ 1-0 ਨਾਲ ਹਰਾਇਆ। ਅੰਡਰ 21 ਲੜਕੀਆਂ ਐਥਲੈਟਿਕਸ 200 ਮੀਟਰ ਵਿੱਚ ਅਰਸ਼ਦੀਪ ਨੇ ਪਹਿਲਾ, ਗੀਤਾ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਤੇ ਜਸਮੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਕੁੜੀਆਂ ਨੇ ਟੱਗ ਆਫ਼ ਵਾਰ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ
ਦੇਵੀਗੜ੍ਹ (ਪੱਤਰ ਪ੍ਰੇਰਕ): ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਗੁਥਮੜਾ, ਦੇਵੀਗੜ੍ਹ ਦੀਆਂ ਕੁੜੀਆਂ ਨੇ ਬਲਾਕ ਪੱਧਰ ’ਤੇ ਟੱਗ ਆਫ਼ ਵਾਰ ਵਿੱਚ ਅੰਡਰ-17 ਦੀ ਟੀਮ ਨੇ ਗੋਲਡ ਮੈਡਲ ਪ੍ਰਾਪਤ ਕੀਤਾ। ਇਹ ਖੇਡਾਂ ਸ਼ਹੀਦ ਊਧਮ ਸਿੰਘ ਸਪੋਰਟਸ ਸਟੇਡੀਅਮ ਭੁਨਰਹੇੜੀ ਵਿੱਚ ਹੋ ਰਹੀਆਂ ਹਨ। ਸਕੂਲ ਮੈਨੇਜਮੈਂਟ ਡਾਇਰੈਕਟਰ ਭੁਪਿੰਦਰ ਸਿੰਘ, ਪ੍ਰਧਾਨ ਰਵਿੰਦਰ ਕੌਰ ਤੇ ਪ੍ਰਿੰਸੀਪਲ ਤੇਜਿੰਦਰ ਪਾਲ ਕੌਰ ਨੇ ਬੱਚਿਆਂ ਨੂੰ ਤਗ਼ਮੇ ਲਈ ਵਧਾਈ ਦਿੱਤੀ ਹੈ।