ਨਵੀਂ ਦਿੱਲੀ, 5 ਸਤੰਬਰ
World Deaf Shooting Championship: ਜਰਮਨੀ ਦੇ ਹੈਨੋਵਰ ਵਿੱਚ ਦੂਜੀ ਵਿਸ਼ਵ ਡੈੱਫ (ਬੋਲ਼ਿਆਂ ਲਈ) ਸ਼ੂਟਿੰਗ ਚੈਂਪੀਅਨਸ਼ਿਪ ਦੇ ਪੰਜਵੇਂ ਦਿਨ ਭਾਰਤ ਦੀ ਮਹਿਤ ਸੰਧੂ ਨੇ ਔਰਤਾਂ ਦੇ 50 ਮੀਟਰ ਰਾਈਫਲ ਪਰੋਨ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਜਦੋਂ ਕਿ ਅਭਿਨਵ ਦੇਸਵਾਲ ਨੇ ਪੁਰਸ਼ਾਂ ਦੀ 25 ਮੀਟਰ ਪਿਸਟਲ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਨ੍ਹਾਂ ਦੋ ਤਗ਼ਮਿਆਂ ਨਾਲ ਭਾਰਤ ਕੁੱਲ 15 ਤਗ਼ਮੇ ਹੋ ਗਏ ਹਨ ਜਿਨ੍ਹਾਂ ਵਿਚ ਚਾਰ ਸੋਨ, ਸੱਤ ਚਾਂਦੀ ਅਤੇ ਚਾਰ ਕਾਂਸੀ ਦੇ ਤਗ਼ਮੇ ਹਨ।
ਡੈੱਫ ਸ਼ੂਟਿੰਗ ਵਰਲਡਜ਼ ਵਿੱਚ ਸੰਧੂ ਦਾ ਇਹ ਦੂਜਾ ਸੋਨ ਅਤੇ ਓਵਰਆਲ ਤੀਜਾ ਤਗ਼ਮਾ ਹੈ, ਉਸਨੇ ਫਾਈਨਲ ਵਿੱਚ 247.4 ਦਾ ਸਕੋਰ ਬਣਾਇਆ, ਜੋ ਹੰਗਰੀ ਦੀ ਮੀਰਾ ਬਿਆਤੋਵਸਕੀ ਨਾਲੋਂ 2.2 ਵੱਧ ਹੈ। ਮੈਦਾਨ ’ਚ ਉਤਰੀ ਦੂਜੀ ਭਾਰਤੀ ਨਿਸ਼ਾਨੇਬਾਜ਼ ਨਤਾਸ਼ਾ ਜੋਸ਼ੀ ਫਾਈਨਲ ’ਚ ਸੱਤਵੇਂ ਸਥਾਨ ’ਤੇ ਰਹੀ। ਦੂਜੇ ਭਾਰਤੀ ਨਿਸ਼ਾਨੇਬਾਜ਼ ਸ਼ੁਭਮ ਵਸ਼ਿਸਟ ਅਤੇ ਚੇਤਨ ਸਪਕਲ ਕ੍ਰਮਵਾਰ ਪੰਜਵੇਂ ਅਤੇ ਸੱਤਵੇਂ ਸਥਾਨ ‘ਤੇ ਰਹੇ। ਦੇਸਵਾਲ ਨੇ 10 ਮੀਟਰ ਪਿਸਟਲ ਵਿਅਕਤੀਗਤ, ਮਿਕਸਡ ਅਤੇ ਟੀਮ ਮੁਕਾਬਲਿਆਂ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ