ਮੁੰਬਈ: ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦੇ ਮੌਜੂਦਾ ਚੈਂਪੀਅਨ ਮੁੰਬਈ ਸਿਟੀ ਐੱਫਸੀ ਨੇ ਐਲਾਨ ਕੀਤਾ ਕਿ ਗੋਲਕੀਪਰ ਅਮਰਿੰਦਰ ਸਿੰਘ ਸੋਮਵਾਰ ਨੂੰ ਕਰਾਰ ਖ਼ਤਮ ਹੋਣ ਮਗਰੋਂ ਟੀਮ ਨੂੰ ਛੱਡ ਦੇਵੇਗਾ। ਇਸ ਸਬੰਧੀ ਜਾਰੀ ਪ੍ਰੈੱਸ ਬਿਆਨ ਅਨੁਸਾਰ 27 ਸਾਲਾ ਗੋਲਕੀਪਰ ਪੰਜ ਸੀਜ਼ਨ ਕਲੱਬ ਨਾਲ ਜੁੜਿਆ ਰਿਹਾ। ਅਮਰਿੰਦਰ 7 ਸਤੰਬਰ, 2016 ਨੂੰ ਮੁੰਬਈ ਸਿਟੀ ਨਾਲ ਜੁੜਿਆ ਸੀ। ਉਸ ਨੇ ਉਸੇ ਸਾਲ ਨਵੰਬਰ ਵਿੱਚ ਐੱਫਸੀ ਗੋਆ ਖ਼ਿਲਾਫ਼ ਕਲੱਬ ਵੱਲੋਂ ਆਪਣਾ ਪਹਿਲਾ ਮੈਚ ਖੇਡਿਆ ਸੀ। ਮਾਹਿਲਪੁਰ ਦੇ ਅਮਰਿੰਦਰ ਨੇ ਮਾਰਚ 2018 ਵਿੱਚ ਤਿੰਨ ਸਾਲ ਦਾ ਕਰਾਰ ਕੀਤਾ ਸੀ। ਉਹ ਟੀਮ ਦਾ ਕਪਤਾਨ ਵੀ ਰਿਹਾ। ਉਸ ਨੇ ਮੁੰਬਈ ਸਿਟੀ ਲਈ 84 ਮੈਚ ਖੇਡੇ, ਜੋ ਇਸ ਕਲੱਬ ਲਈ ਰਿਕਾਰਡ ਹੈ। -ਪੀਟੀਆਈ