ਨਵੀਂ ਦਿੱਲੀ: ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੇ ਭਾਰਤੀ ਮੁੱਕੇਬਾਜ਼ੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਸਾਬਕਾ ਮੁੱਕੇਬਾਜ਼ ਡਿੰਕੋ ਸਿੰਘ (42) ਦਾ ਜਿਗਰ ਦੇ ਕੈਂਸਰ ਨਾਲ ਅੱਜ ਦੇਹਾਂਤ ਹੋ ਗਿਆ। ਉਹ 2017 ਤੋਂ ਇਸ ਬਿਮਾਰੀ ਨਾਲ ਜੂਝ ਰਿਹਾ ਸੀ। ਉਸ ਨੂੰ ਇਲਾਜ ਲਈ ਆਪਣਾ ਘਰ ਵੀ ਵੇਚਣਾ ਪਿਆ ਸੀ। ਪਿਛਲੇ ਸਾਲ ਉਸ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਪਰ ਉਹ ਠੀਕ ਹੋ ਗਿਆ ਸੀ। ਉਸ ਨੇ 1998 ਵਿੱਚ ਬੈਂਕਾਕ ਵਿੱਚ ਬੈਂਥਮਵੇਟ ਖ਼ਿਤਾਬ ਜਿੱਤਿਆ ਸੀ। ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਪ੍ਰਧਾਨ ਅਜੈ ਸਿੰਘ ਨੇ ਕਿਹਾ ਕਿ ਡਿੰਕੋ ਸਿੰਘ ਦੇ ਦੇਹਾਂਤ ਨਾਲ ਭਾਰਤੀ ਮੁੱਕੇਬਾਜ਼ੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਖੇਡ ਮੰਤਰੀ ਕਿਰਨ ਰਿਜਿਜੂ ਨੇ ਮੁਕੇਬਾਜ਼ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘ਸ੍ਰੀ ਡਿੰਕੋ ਸਿੰਘ ਦੇ ਦੇਹਾਂਤ ਨਾਲ ਦੁਖੀ ਹਾਂ। ਉਹ ਭਾਰਤ ਦੇ ਸਰਵੋਤਮ ਮੁੱਕੇਬਾਜ਼ਾਂ ਵਿੱਚੋਂ ਇੱਕ ਸਨ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।’ -ਆਈਏਐੱਨਐੱਸ