ਜ਼ਗਰੇਬ, 9 ਜੁਲਾਈ
ਭਾਰਤੀ ਖਿਡਾਰੀ ਵਿਸ਼ਵਨਾਥਨ ਆਨੰਦ ਅਤੇ ਡੀ ਗੁਕੇਸ਼ 2023 ਸੁਪਰਯੂਨਾਈਟਿਡ ਰੈਪਿਡ ਅਤੇ ਬਲਿਟਜ਼ ਟੂੁਰਨਾਮੈਂਟ ਦੇ ਬਲਿਟਜ਼ ਵਰਗ ਦੇ ਪਹਿਲੇ ਦਿਨ ਸਾਂਝੇ ਤੌਰ ਉੱਤੇ ਛੇਵੇਂ ਸਥਾਨ ’ਤੇ ਰਹੇ। ਇਹ ਮੁਕਾਬਲਾ ਗਰੈਂਡ ਸ਼ਤਰੰਜ ਟੂਰ ਦਾ ਹਿੱਸਾ ਹੈ। ਪੰਜ ਵਾਰ ਦਾ ਵਿਸ਼ਵ ਚੈਂਪੀਅਨ ਆਨੰਦ ਆਪਣੀ ਨੌਵੀਂ ਖੇਡ ਵਿੱਚੋਂ ਸਿਰਫ਼ ਦੋ ਵਿੱਚ ਹੀ ਜਿੱਤ ਦਰਜ ਕਰ ਸਕਿਆ, ਜਿਸ ਵਿੱਚੋਂ ਇੱਕ ਜਿੱਤ ਉਸ ਨੂੰ ਹਮਵਤਨ ਗੁਕੇਸ਼ ਤੋਂ ਮਿਲੀ। ਇਸ ਤੋਂ ਇਲਾਵਾ ਆਨੰਦ ਨੇ ਫੇਬੀਆਨੋ ਕਰੂਆਨਾ ਨੂੰ ਹਰਾਇਆ। ਇਸੇ ਤਰ੍ਹਾਂ ਗੁਕੇਸ਼ ਨੇ ਰੋਮਾਨੀਆ ਦੇ ਰਿਚਰਡ ਰੌਬਰਟ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਪਰ ਇਸ ਮਗਰੋਂ ਉਸ ਨੂੰ ਲਗਾਤਾਰ ਚਾਰ ਹਾਰਾਂ ਦਾ ਸਾਹਮਣਾ ਕਰਨਾ ਪਿਆ।
ਉਸ ਨੇ ਵਾਪਸੀ ਕਰਦਿਆਂ ਰੋਮਾਨੀਆ ਦੇ ਕੋਂਸਟਾਂਟਿਨ ਲੂਪੂਲੇਸਕੁ ਅਤੇ ਪੋਲੈਂਡ ਦੇ ਜਾਨ ਕ੍ਰਿਸਟੋਫ ਡੂਡਾ ਨੂੰ ਹਰਾਇਆ। ਹਾਲਾਂਕਿ ਕਿ ਬਾਅਦ ਵਿੱਚ ਗੁਕੇਸ਼ ਕੋਰੇਸ਼ੀਆ ਦੇ ਇਵਾਨ ਸਾਰਿਚ ਅਤੇ ਇਆਨ ਨੇਪੋਮਨਿਯੱਚੀ ਤੋਂ ਹਾਰ ਗਿਆ। ਆਨੰਦ ਅਤੇ ਗੁਕੇਸ਼ 13-13 ਅੰਕਾਂ ਨਾਲ ਸਾਂਝੇ ਤੌਰ ਉੱਤੇ ਛੇਵੇਂ ਸਥਾਨ ’ਤੇ ਹਨ। ਦੁਨੀਆ ਦੇ ਨੰਬਰ ਇੱਕ ਖਿਡਾਰੀ ਮੈਗਨਸ ਕਾਰਲਸਨ ਮਜ਼ਬੂਤ ਸਥਿਤੀ ਵਿੱਚ ਹੈ। ਉਸ ਨੇ ਆਪਣੀਆਂ ਸਾਰੀਆਂ ਨੌਂ ਖੇਡਾਂ ਜਿੱਤ ਕੇ ਵੱਡੀ ਲੀਡ ਹਾਸਲ ਕਰ ਲਈ ਹੈ ਅਤੇ ਉਸ ਦੇ 20 ਅੰਕ ਹਨ। -ਪੀਟੀਆਈ