ਚੰਡੀਗੜ੍ਹ (ਟਨਸ):
ਗੋਲਕੀਪਰ ਗੁਰਪ੍ਰੀਤ ਸੰਧੂ ਨੂੰ ਇੱਥੇ ਕਤਰ ਖ਼ਿਲਾਫ਼ 2026 ਫੀਫਾ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਲਈ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਕ੍ਰਿਸ਼ਮਈ ਸੁਨੀਲ ਛੇਤਰੀ ਮਗਰੋਂ ਇਹ ਭਾਰਤ ਦਾ ਪਹਿਲਾ ਮੈਚ ਹੈ। ਸੰਦੇਸ਼ ਝਿੰਗਨ ਮਗਰੋਂ ਸ਼ਾਇਦ ਉਹ ਦੂਸਰਾ ਅਜਿਹਾ ਚੰਡੀਗੜ੍ਹੀਆ ਹੈ ਜੋ ਭਾਰਤੀ ਟੀਮ ਦੀ ਅਗਵਾਈ ਕਰੇਗਾ। ਮੁੱਖ ਕੋਚ ਇਗੋਰ ਸਟਿਮਕ ਨੇ ਬੀਤੇ ਦਿਨ ਟੀਮ ਦੇ ਐਲਾਨ ਦੌਰਾਨ ਕਿਹਾ, ‘‘ਗੁਰਪ੍ਰੀਤ ਸਿੰਘ ਪਿਛਲੇ ਪੰਜ ਸਾਲਾਂ ਤੋਂ ਸੁਨੀਲ ਅਤੇ ਸੰਦੇਸ਼ ਨਾਲ ਸਾਡੇ ਕਪਤਾਨਾਂ ਵਿੱਚੋਂ ਇੱਕ ਰਿਹਾ ਸੀ। ਇਸ ਲਈ ਕੁਦਰਤੀ ਤੌਰ ’ਤੇ ਇਸ ਸਮੇਂ ਜ਼ਿੰਮੇਵਾਰੀ ਲੈਣ ਵਾਲਾ ਉਹੀ ਹੈ।’’ ਭਾਰਤ ਦੋਹਾ ’ਚ ਅੱਜ ਵਿਵਾਦਤ ਕੁਆਲੀਫਾਈਂਗ ਮੈਚ ਵਿੱਚ ਕਤਰ ਤੋਂ 1-2 ਨਾਲ ਹਾਰ ਕੇ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਵਿੱਚੋਂ ਬਾਹਰ ਹੋ ਗਿਆ ਹੈ।