ਨਵੀਂ ਦਿੱਲੀ: ਕ੍ਰਿਕਟ ਜਗਤ ਵਿਚ ਬੇਮਿਸਾਲ ਪ੍ਰਾਪਤੀਆਂ ਕਰਨ ਵਾਲੇ ਆਫ਼-ਸਪਿੰਨਰ ਗੇਂਦਬਾਜ਼ ਹਰਭਜਨ ਸਿੰਘ ਨੇ ਖੇਡ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਟੈਸਟ ਕ੍ਰਿਕਟ ਵਿਚ ਹੈਟ-ਟ੍ਰਿਕ ਕਰਨ ਵਾਲੇ ਹਰਭਜਨ ਪਹਿਲੇ ਭਾਰਤੀ ਗੇਂਦਬਾਜ਼ ਸਨ। ਆਪਣੇ ਯਾਦਗਾਰੀ ਕ੍ਰਿਕਟ ਕਰੀਅਰ ਤੋਂ ਸੰਨਿਆਸ ਲੈਣ ਦਾ ਐਲਾਨ ਹਰਭਜਨ ਨੇ ਅੱਜ ਕੀਤਾ। ਪੰਜਾਬ ਦੇ ਜੰਮਪਲ 41 ਸਾਲਾ ਗੇਂਦਬਾਜ਼ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਸ ਬਾਰੇ ਸੋਚ ਰਹੇ ਸਨ ਤੇ ਅੱਜ ਐਲਾਨ ਕਰ ਰਹੇ ਹਨ। ਹਰਭਜਨ ਨੇ 103 ਟੈਸਟ ਮੈਚਾਂ ਵਿਚ 417 ਵਿਕਟਾਂ ਲਈਆਂ। ਉਨ੍ਹਾਂ 236 ਇਕ ਰੋਜ਼ਾ ਮੈਚ ਖੇਡੇ ਤੇ 269 ਵਿਕਟਾਂ ਲਈਆਂ। ਇਸ ਤੋਂ ਇਲਾਵਾ ਖੇਡੇ 28 ਟੀ20 ਕੌਮਾਂਤਰੀ ਮੈਚਾਂ ਵਿਚ ਭਾਰਤੀ ਆਫ਼-ਸਪਿੰਨਰ ਨੇ 25 ਵਿਕਟਾਂ ਆਪਣੇ ਖਾਤੇ ਪਾਈਆਂ। ਹਰਭਜਨ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ 1998 ਵਿਚ ਕੀਤੀ ਸੀ। ਬੇਹੱਦ ਸਫ਼ਲ ਰਹੇ ਗੇਂਦਬਾਜ਼ ਨੇ ਲਿਖਿਆ, ‘ਪਿਛਲੇ 25 ਸਾਲਾਂ ਵਿਚ ਜਲੰਧਰ ਦੀਆਂ ਤੰਗ ਗਲੀਆਂ ਤੋਂ ਭਾਰਤੀ ਟੀਮ ਦਾ ਟਰਬਨੇਟਰ ਬਣਨ ਤੱਕ ਦਾ ਸਫ਼ਰ ਬਹੁਤ ਖ਼ੂਬਸੂਰਤ ਰਿਹਾ।’ ਹਰਭਜਨ ਨੇ ਪਹਿਲਾ ਮੈਚ ਨਿਊਜ਼ੀਲੈਂਡ ਖ਼ਿਲਾਫ਼ ਸ਼ਾਰਜਾਹ ਵਿਚ 1998 ਵਿਚ ਖੇਡਿਆ ਸੀ ਜੋ ਕਿ ਇਕ ਰੋਜ਼ਾ ਮੈਚ ਸੀ। -ਪੀਟੀਆਈ
ਭਾਰਤੀ ਕ੍ਰਿਕਟ ਦੇ ਸਭ ਤੋਂ ਯਾਦਗਾਰੀ ਪਲਾਂ ਦਾ ਹਿੱਸਾ ਬਣੇ ਹਰਭਜਨ
ਹਰਭਜਨ ਸਿੰਘ ਦੇ ਕੌਮਾਂਤਰੀ ਕਰੀਅਰ ਦਾ ਸਭ ਤੋਂ ਯਾਦਗਾਰੀ ਪਲ਼ ਉਹ ਸੀ ਜਦ ਉਨ੍ਹਾਂ ਤਿੰਨ ਟੈਸਟ ਮੈਚਾਂ ਵਿਚ 32 ਵਿਕਟਾਂ ਲਈਆਂ। ਆਸਟਰੇਲੀਆ ਖ਼ਿਲਾਫ਼ 2001 ਵਿਚ ਇਨ੍ਹਾਂ ਵਿਚੋਂ ਪਹਿਲੇ ਮੈਚ ’ਚ ਹਰਭਜਨ ਨੇ ਹੈਟ-ਟ੍ਰਿਕ ਕੀਤੀ। ਭਾਰਤ ਕ੍ਰਿਕਟ ਇਤਿਹਾਸ ਵਿਚ ਇਸ ਟੈਸਟ ਮੈਚ ’ਚ ਮਿਲੀ ਜਿੱਤ ਨੂੰ ਸਭ ਤੋਂ ਯਾਦਗਾਰੀ ਪਲ ਮੰਨਿਆ ਜਾਂਦਾ ਹੈ।