ਬਰਮਿੰਘਮ, 5 ਅਗਸਤ
ਮੁੱਖ ਅੰਸ਼
- ਪੈਰਾ ਪਾਵਰ ਲਿਫਟਿੰਗ ਤੇ ਲੰਮੀ ਛਾਲ ’ਚ ਭਾਰਤ ਨੂੰ ਦਿਵਾਏ ਪਹਿਲੇ ਤਗ਼ਮੇ
- ਦੇਸ਼ ਦੀ ਝੋਲੀ ਪਾਏ ਸੋਨੇ ਤੇ ਚਾਂਦੀ ਦੇ ਤਗ਼ਮੇ
ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਅਥਲੀਟ ਮੁਰਲੀ ਸ੍ਰੀਸ਼ੰਕਰ ਲੰਮੀ ਛਾਲ ਮੁਕਾਬਲੇ ’ਚ ਚਾਂਦੀ ਅਤੇ ਪੈਰਾ ਪਾਵਰ ਲਿਫਟਰ ਸੁਧੀਰ ਨੇ ਪੁਰਸ਼ਾਂ ਦੇ ਹੈਵੀਵੇਟ ਦੇ ਫਾਈਨਲ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਗ਼ਮਾ ਜਿੱਤ ਦੇ ਇਤਿਹਾਸ ਸਿਰਜ ਦਿੱਤਾ ਹੈ। ਦੋਵਾਂ ਖੇਡਾਂ ’ਚ ਇਹ ਭਾਰਤ ਦਾ ਪਹਿਲਾ ਤਗ਼ਮਾ ਹੈ। ਸ੍ਰੀਸ਼ੰਕਰ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ਾਂ ਦੀ ਲੰਮੀ ਛਾਲ ਮੁਕਾਬਲੇ ’ਚ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ। ਸੋਨ ਤਗ਼ਮੇ ਦੇ ਮਜ਼ਬੂਤ ਦਾਅਵੇਦਾਰ ਸ੍ਰੀਸ਼ੰਕਰ ਨੇ ਆਪਣੀ ਪੰਜਵੀਂ ਕੋਸ਼ਿਸ਼ ’ਚ 8.08 ਮੀਟਰ ਦੀ ਦੂਰੀ ਨਾਲ ਚਾਂਦੀ ਦਾ ਤਗ਼ਮਾ ਆਪਣੇ ਨਾਂ ਕੀਤਾ। ਸੋਨ ਤਗ਼ਮਾ ਜਿੱਤਣ ਵਾਲੇ ਬਹਾਮਾਸ ਦੇ ਲੇਕੁਆਨ ਨੈਰਨ ਨੇ ਵੀ ਆਪਣੀ ਦੂਜੀ ਕੋਸ਼ਿਸ਼ ’ਚ 8.08 ਮੀਟਰ ਦੀ ਸਭ ਤੋਂ ਵਧੀਆ ਕੋਸ਼ਿਸ਼ ਕੀਤੀ। ਇੱਕ ਹੋਰ ਭਾਰਤੀ ਅਥਲੀਟ ਮੁਹੰਮਦ ਅਨੀਸ ਯਾਹੀਆ ਪੰਜਵੇਂ ਸਥਾਨ ’ਤੇ ਰਿਹਾ।
ਦੂਜੇ ਪਾਸੇ ਸੁਧੀਰ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰ ਲਿਫਟਿੰਗ ਮੁਕਾਬਲੇ ’ਚ ਤਗ਼ਮਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਉਸ ਨੇ ਆਪਣੀ ਦੂਜੀ ਕੋਸ਼ਿਸ਼ ’ਚ 221 ਕਿਲੋ ਵਜ਼ਨ ਚੁੱਕ ਕੇ ਰਿਕਾਰਡ 134.5 ਅੰਕ ਨਾਲ ਸੋਨ ਤਗ਼ਮਾ ਹਾਸਲ ਕੀਤਾ। -ਪੀਟੀਆਈ