ਰਾਂਚੀ, 14 ਜਨਵਰੀ
ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਐਫਆਈਐਚ ਮਹਿਲਾ ਉਲੰਪਿਕ ਕੁਆਲੀਫਾਇਰ ਦੇ ਆਪਣੇ ਦੂਜੇ ਪੂਲ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੂੰ 3-1 ਨਾਲ ਹਰਾ ਕੇ ਪੈਰਿਸ ਉਲੰਪਿਕ ਦਾ ਟਿਕਟ ਹਾਸਲ ਕਰਨ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਸ਼ਨਿਚਰਵਾਰ ਨੂੰ ਜਾਰੀ ਦਰਜਾਬੰਦੀ ਵਿਚ ਇਕ ਪੱਧਰ ਹੇਠਾਂ ਸੱਤਵੇਂ ਸਥਾਨ ਉਤੇ ਖਿਸਕਣ ਵਾਲੀ ਭਾਰਤੀ ਟੀਮ ਦੀ ਟੂਰਨਾਮੈਂਟ ਵਿਚ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਉਸ ਨੂੰ ਪੂਲ ਬੀ ਦੇ ਪਹਿਲੇ ਮੈਚ ਵਿਚ ਹੇਠਲੀ ਰੈਂਕਿੰਗ ਉਤੇ ਕਾਬਜ਼ ਅਮਰੀਕਾ ਤੋਂ 0-1 ਨਾਲ ਹਾਰ ਸਹਿਣੀ ਪਈ। ਨਿਊਜ਼ੀਲੈਂਡ ਨੇ ਸ਼ਨਿਚਰਵਾਰ ਨੂੰ ਇਟਲੀ ਉਤੇ 3-0 ਨਾਲ ਆਸਾਨ ਜਿੱਤ ਹਾਸਲ ਕੀਤੀ ਸੀ। ਪਰ ਐਤਵਾਰ ਨੂੰ ਭਾਰਤੀ ਟੀਮ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆਈ। ਅਮਰੀਕਾ ਤੋਂ ਮਿਲੀ ਹਾਰ ਨੂੰ ਪਿੱਛੇ ਛੱਡਦਿਆਂ ਭਾਰਤੀ ਟੀਮ ਨੇ ਆਲ ਰਾਊਂਡ ਪ੍ਰਦਰਸ਼ਨ ਕੀਤਾ ਤੇ ਟਰਫ ਦੇ ਹਰ ਕੋਨੇ ਦਾ ਇਸਤੇਮਾਲ ਕਰ ਕੇ ਛੋਟੇ ਤੇ ਤੇਜ਼ ਤਰਾਰ ਪਾਸਾਂ ਨਾਲ ਹਮਲੇ ਕੀਤੇ। ਸਲੀਮਾ ਟੇਟੇ ਦਾ ਖੇਡ ਸ਼ਾਨਰਦਾਰ ਰਿਹਾ ਤੇ ਉਹ ਆਪਣੀ ਰਫਤਾਰ ਤੇ ਡਰਿਬਲਿੰਗ ਦੀ ਕਾਬਲੀਅਤ ਨਾਲ ਭਾਰਤ ਦੇ ਹਰੇਕ ਹਮਲੇ ਵਿਚ ਸ਼ਾਮਲ ਰਹੀ। ਭਾਰਤ ਨੇ ਮੈਦਾਨੀ ਯਤਨ ਨਾਲ ਮੈਚ ਦੇ 41 ਸਕਿੰਟ ਦੇ ਅੰਦਰ ਲੀਡ ਬਣਾ ਲਈ। ਇਹ ਗੋਲ ਸੰਗੀਤਾ ਨੇ ਕੀਤਾ। ਨੇਹਾ ਨੇ 12ਵੇਂ ਮਿੰਟ ਵਿਚ ਦੂਜਾ ਗੋਲ ਕੀਤਾ। ਉਸੇ ਦੀ ਬਦੌਲਤ ਭਾਰਤ ਨੇ ਆਪਣੀ ਲੀਡ ਨੂੰ ਹੋਰ ਵਧਾਇਆ। ਭਾਰਤ ਆਖਰੀ ਪੂਲ ਮੈਚ ’ਚ ਮੰਗਲਵਾਰ ਇਟਲੀ ਨਾਲ ਭਿੜੇਗਾ। -ਪੀਟੀਆਈ
ਚਿਲੀ ਨੇ ਚੈੱਕ ਗਣਰਾਜ ਨੂੰ 6-0 ਨਾਲ ਹਰਾਇਆ
ਰਾਂਚੀ: ਮੈਨੂਏਲਾ ਉਰੋਜ਼ ਦੇ ਦੋ ਗੋਲਾਂ ਦੀ ਮਦਦ ਨਾਲ ਚਿਲੀ ਨੇ ਅੱਜ ਇੱਥੇ ਐੱਫਆਈਐੱਚ ਮਹਿਲਾ ਓਲੰਪਿਕ ਕੁਆਲੀਫਾਇਰ ਦੇ ਪੂਲ ਏ ਦੇ ਆਪਣੇ ਦੂਜੇ ਮੈਚ ਵਿੱਚ ਚੈੱਕ ਗਣਰਾਜ ਨੂੰ 6-0 ਨਾਲ ਹਰਾ ਕੇ ਖ਼ੁਦ ਨੂੰ ਪੈਰਿਸ ਖੇਡਾਂ ਦੀ ਕੁਆਲੀਫਿਕੇਸ਼ਨ ਦੀ ਦੌੜ ਵਿੱਚ ਬਣਾਈ ਰੱਖਿਆ। ਵਿਸ਼ਵ ਰੈਂਕਿੰਗ ਵਿੱਚ 15ਵੇਂ ਸਥਾਨ ’ਤੇ ਕਾਬਜ਼ ਚਿਲੀ ਨੂੰ ਇਸ ਤੋਂ ਪਹਿਲਾਂ ਸ਼ਨਿਚਰਵਾਰ ਜਰਮਨੀ ਤੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲਗਾਤਾਰ ਦੂਜੀ ਹਾਰ ਮਗਰੋਂ ਵਿਸ਼ਵ ਰੈਂਕਿੰਗ ਵਿੱਚ 25ਵੇਂ ਸਥਾਨ ’ਤੇ ਕਾਬਜ਼ ਚੈੱਕ ਗਣਰਾਜ ਦੀ ਟੀਮ ਇਸ ਦੇ ਨਾਲ ਹੀ ਓਲੰਪਿਕ ਕੁਆਲੀਫਾਇਰ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਟੀਮ ਨੂੰ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਜਾਪਾਨ ਹੱਥੋਂ 0-2 ਨਾਲ ਹਾਰ ਝੱਲਣੀ ਪਈ ਸੀ। ਉਰੋਜ਼ ਨੇ 36ਵੇਂ ਅਤੇ 47ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤੇ। -ਪੀਟੀਆਈ