ਹੁਲੁਨਬੂਈਰ (ਚੀਨ), 16 ਸਤੰਬਰ
ਲੈਅ ਵਿੱਚ ਚੱਲ ਰਹੇ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਮੌਜੂਦਾ ਚੈਂਪੀਅਨ ਭਾਰਤ ਨੇ ਅੱਜ ਇੱਥੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਪੁਰਸ਼ ਏਸ਼ਿਆਈ ਚੈਂਪੀਅਨਜ਼ ਟਰਾਫ਼ੀ (ਏਸੀਟੀ) ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ (19ਵੇਂ ਅਤੇ 45ਵੇਂ ਮਿੰਟ) ਨੇ ਦੋ ਗੋਲ ਕੀਤੇ, ਜਦਕਿ ਉੱਤਮ ਸਿੰਘ (13ਵੇਂ ਮਿੰਟ) ਅਤੇ ਜਰਮਨਪ੍ਰੀਤ ਸਿੰਘ (32ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਕੋਰੀਆ ਲਈ ਇੱਕੋ-ਇੱਕ ਗੋਲ ਯਾਂਗ ਜਿਹੂਨ (33ਵੇਂ ਮਿੰਟ) ਨੇ ਪੈਨਲਟੀ ਕਾਰਨਰ ਰਾਹੀਂ ਕੀਤਾ। ਮੰਗਲਵਾਰ ਨੂੰ ਹੋਣ ਵਾਲੇ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਮੇਜ਼ਬਾਨ ਚੀਨ ਨਾਲ ਹੋਵੇਗਾ। ਭਾਰਤ ਨੇ ਲੀਗ ਗੇੜ ਵਿੱਚ ਚੀਨ ਨੂੰ 3-0 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਦਿਨ ਦੇ ਪਹਿਲੇ ਸੈਮੀਫਾਈਨਲ ਵਿੱਚ ਚੀਨ ਨੇ ਪਾਕਿਸਤਾਨ ਨੂੰ ਸ਼ੂਟਆਊਟ ਰਾਹੀਂ 2-0 ਨਾਲ ਹਰਾਇਆ। ਨਿਰਧਾਰਤ ਸਮੇਂ ਤੋਂ ਬਾਅਦ ਦੋਵੇਂ ਟੀਮਾਂ 1-1 ਦੀ ਬਰਾਬਰੀ ’ਤੇ ਸਨ। ਤੀਜੇ ਸਥਾਨ ਦੇ ਮੈਚ ਵਿੱਚ ਪਾਕਿਸਤਾਨ ਅਤੇ ਕੋਰੀਆ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਵੀ ਮੰਗਲਵਾਰ ਨੂੰ ਹੀ ਖੇਡਿਆਜਾਵੇਗਾ। ਭਾਰਤ ਨੇ ਉਮੀਦ ਮੁਤਾਬਕ ਸ਼ੁਰੂ ਤੋਂ ਹੀ ਹਮਲਾਵਰ ਖੇਡ ਅਪਣਾਈ ਅਤੇ ਕੋਰੀਆ ਦੇ ਡਿਫੈਂਸ ਨੂੰ ਲਗਾਤਾਰ ਦਬਾਅ ਵਿੱਚ ਰੱਖਿਆ। ਦੂਜੇ ਪਾਸੇ ਕੋਰੀਆ ਨੇ ਡਿਫੈਂਸ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਰੁਕ-ਰੁਕ ਕੇ ਜਵਾਬੀ ਹਮਲੇ ਦੀ ਰਣਨੀਤੀ ਅਪਣਾਈ। ਅਭਿਸ਼ੇਕ ਚੌਥੇ ਮਿੰਟ ’ਚ ਭਾਰਤ ਨੂੰ ਲੀਡ ਦਿਵਾਉਣ ਦੇ ਨੇੜੇ ਪਹੁੰਚਿਆ ਪਰ ਉਸ ਦਾ ਸ਼ਾਟ ਕੋਰਿਆਈ ਗੋਲਕੀਪਰ ਕਿਮ ਜਾਏਹਾਨ ਨੇ ਰੋਕ ਦਿੱਤਾ। ਭਾਰਤੀ ਟੀਮ ਪਹਿਲੇ ਕੁਆਰਟਰ ’ਚ ਲਗਾਤਾਰ ਕੋਰੀਆ ਦੇ ਸਰਕਲ ਵਿੱਚ ਜਾਣ ’ਚ ਸਫਲ ਰਹੀ ਅਤੇ ਟੀਮ ਨੂੰ ਇਸ ਦਾ ਫਾਇਦਾ 13ਵੇਂ ਮਿੰਟ ’ਚ ਉਸ ਵੇਲੇ ਮਿਲਿਆ, ਜਦੋਂ ਅਰਿਜੀਤ ਸਿੰਘ ਹੁੰਦਲ ਦੇ ਪਾਸ ’ਤੇ ਉੱਤਮ ਨੇ ਗੋਲ ਕਰ ਦਿੱਤਾ। ਦੂਜੇ ਕੁਆਰਟਰ ਦੀ ਸ਼ੁਰੂਆਤ ’ਚ ਕੋਰੀਆ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਟੀਮ ਉਨ੍ਹਾਂ ਦਾ ਫਾਇਦਾ ਨਹੀਂ ਉਠਾ ਸਕੀ। ਦੂਜੇ ਕੁਆਰਟਰ ਦੇ ਚੌਥੇ ਮਿੰਟ ਵਿੱਚ ਭਾਰਤ ਨੂੰ ਪਹਿਲਾ ਪੈਨਲਟੀ ਕਾਰਨਰ ਮਿਲਿਆ, ਜਿਸ ’ਤੇ ਕਪਤਾਨ ਹਰਮਨਪ੍ਰੀਤ ਨੇ ਟੂਰਨਾਮੈਂਟ ਦਾ ਛੇਵਾਂ ਗੋਲ ਕਰਕੇ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਅੰਤ ਤੱਕ ਭਾਰਤੀ ਟੀਮ 2-0 ਨਾਲ ਅੱਗੇ ਸੀ। ਤੀਜੇ ਕੁਆਰਟਰ ਦੀ ਸ਼ੁਰੂਆਤ ਵਿੱਚ ਭਾਰਤ ਨੇ ਉਸ ਵੇਲੇ ਸਕੋਰ 3-0 ਕਰ ਦਿੱਤਾ, ਜਦੋਂ ਸੁਮਿਤ ਨੇ ਜਰਮਨਪ੍ਰੀਤ ਨੂੰ ਪਾਸ ਦਿੱਤਾ ਅਤੇ ਉਸ ਨੇ ਇਸ ਨੂੰ ਗੋਲ ਵਿੱਚ ਬਦਲਣ ਵਿੱਚ ਕੋਈ ਗਲਤੀ ਨਹੀਂ ਕੀਤੀ। ਟੂਰਨਾਮੈਂਟ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲੇ ਯਾਂਗ ਜਿਹੂਨ ਨੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਕੋਰੀਆ ਦਾ ਖਾਤਾ ਖੋਲ੍ਹਿਆ। ਤੀਜੇ ਕੁਆਰਟਰ ਵਿੱਚ ਸਿਰਫ਼ ਇੱਕ ਸਕਿੰਟ ਬਾਕੀ ਰਹਿੰਦਿਆਂ ਭਾਰਤ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ ਅਤੇ ਹਰਮਨਪ੍ਰੀਤ ਨੇ ਇਸ ਨੂੰ ਗੋਲ ਵਿੱਚ ਬਦਲ ਕੇ ਸਕੋਰ 4-1 ਕਰ ਦਿੱਤਾ। ਚੌਥੇ ਅਤੇ ਆਖਰੀ ਕੁਆਰਟਰ ਵਿੱਚ ਭਾਰਤ ਦੇ ਗੋਲਕੀਪਰ ਸੂਰਜ ਕਰਕੇਰਾ ਨੇ ਪਾਰਕ ਚੇਓਲੀਅਨ ਦੀਆਂ ਦੋ ਕੋਸ਼ਿਸ਼ਾਂ ਨਾਕਾਮ ਕੀਤੀਆਂ। ਕੋਰੀਆ ਨੂੰ ਪੈਨਲਟੀ ਕਾਰਨਰ ਵੀ ਮਿਲਿਆ ਪਰ ਟੀਮ ਇਸ ’ਤੇ ਵੀ ਗੋਲ ਕਰਨ ’ਚ ਨਾਕਾਮ ਰਹੀ ਅਤੇ ਭਾਰਤ ਨੇ ਛੇਵੀਂ ਵਾਰ ਟੂਰਨਾਮੈਂਟ ਦੇ ਫਾਈਨਲ ’ਚ ਜਗ੍ਹਾ ਬਣਾ ਲਈ। -ਪੀਟੀਆਈ