ਟੋਕੀਓ, 2 ਅਗਸਤ
ਭਾਰਤੀ ਪੁਰਸ਼ ਹਾਕੀ ਟੀਮ ਭਲਕੇ ਮੰਗਲਵਾਰ ਨੂੰ ਇੱਥੇ ਓਲੰਪਿਕ ਖੇਡਾਂ ਦੇ ਸੈਮੀ-ਫਾਈਨਲ ਵਿੱਚ ਵਿਸ਼ਵ ਚੈਂਪੀਅਨ ਬੈਲਜੀਅਮ ਖ਼ਿਲਾਫ਼ ਉਤਰੇਗੀ। ਟੀਮ ਦਾ ਇਰਾਦਾ ਵਿਸ਼ਵ ਦੀ ਅੱਵਲ ਨੰਬਰ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਥਾਂ ਬਣਾਉਂਦਿਆਂ 41 ਸਾਲ ਵਿੱਚ ਪਹਿਲਾ ਓਲੰਪਿਕ ਤਗ਼ਮਾ ਯਕੀਨੀ ਬਣਾਉਣ ਦਾ ਹੋਵੇਗਾ। ਅੱਠ ਸੋਨ ਤਗ਼ਮਿਆਂ ਸਮੇਤ 11 ਓਲੰਪਿਕ ਤਗ਼ਮੇ ਜਿੱਤਣ ਵਾਲੇ ਭਾਰਤ ਦਾ ਓਲੰਪਿਕ ਹਾਕੀ ’ਚ ਮਾਣਮੱਤਾ ਇਤਿਹਾਸ ਹੈ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਇਸ ਸਮੇਂ ਉਸੇ ਮਾਣ-ਸਨਮਾਨ ਨੂੰ ਵਾਪਸ ਲਿਆਉਣ ਵਾਲੇ ਰਾਹ ’ਤੇ ਹੈ। ਭਾਰਤ ਨੇ ਲੰਘੇ ਦਿਨ ਖੇਡੇ ਕੁਆਰਟਰ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਹੈ। ਟੀਮ ਹੁਣ ਤਗ਼ਮਾ ਜਿੱਤਣ ਦੀ ਦਹਿਲੀਜ਼ ’ਤੇ ਹੈ। ਭਾਰਤ ਨੇ ਹਾਕੀ ਵਿੱਚ ਆਪਣਾ ਆਖ਼ਰੀ ਸੋਨ ਤਗ਼ਮਾ ਮਾਸਕੋ ਖੇਡਾਂ-1980 ਵਿੱਚ ਜਿੱਤਿਆ ਸੀ, ਪਰ ਉਨ੍ਹਾਂ ਖੇਡਾਂ ਦੌਰਾਨ ਸੈਮੀ ਫਾਈਨਲ ਮੁਕਾਬਲਾ ਨਹੀਂ ਹੋਇਆ ਸੀ ਕਿਉਂਕਿ ਸਿਰਫ਼ ਛੇ ਟੀਮਾਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ ਸੀ।
ਹਾਕੀ ਨੂੰ ਮੇਜਰ ਧਿਆਨਚੰਦ ਅਤੇ ਬਲਬੀਰ ਸਿੰਘ ਸੀਨੀਅਰ ਵਰਗੇ ਮਹਾਨ ਖਿਡਾਰੀ ਦੇਣ ਵਾਲਾ ਭਾਰਤ ਮੌਜੂਦਾ ਓਲੰਪਿਕ ਤੋਂ ਪਹਿਲਾਂ ਕਈ ਓਲੰਪਿਕ ਤੱਕ ਹਾਕੀ ਦੇ ਮੈਦਾਨ ਤੋਂ ਖ਼ਾਲੀ ਹੱਥ ਪਰਤਦਾ ਰਿਹਾ ਹੈ। ਭਾਰਤ ਨੇ ਪਿਛਲੀ ਵਾਰ 1972 ਮਿਊਨਿਖ ਓਲੰਪਿਕ ਦੌਰਾਨ ਸੈਮੀ ਫਾਈਨਲ ਵਿੱਚ ਹਿੱਸਾ ਲਿਆ ਸੀ ਅਤੇ ਉਦੋਂ ਉਸ ਨੂੰ ਪਾਕਿਸਤਾਨ ਤੋਂ 0-2 ਨਾਲ ਹਾਰ ਝੱਲਣੀ ਪਈ ਸੀ। ਮੁੱਖ ਕੋਚ ਗ੍ਰਾਹਮ ਰੀਡ ਦੇ ਮਾਰਗਦਰਸ਼ਨ ਵਿੱਚ ਖੇਡ ਰਹੀ ਭਾਰਤੀ ਟੀਮ ਨੂੰ ਪਤਾ ਹੈ ਕਿ ਬੈਲਜੀਅਮ ਖ਼ਿਲਾਫ਼ ਮੰਗਲਵਾਰ ਨੂੰ ਇੱਕ ਹੋਰ ਚੰਗਾ ਪ੍ਰਦਰਸ਼ਨ ਟੀਮ ਦਾ ਨਾਮ ਇਤਿਹਾਸ ਵਿੱਚ ਲਿਖ ਦੇਵੇਗਾ, ਫਿਰ ਚਾਹੇ ਤਗ਼ਮੇ ਦਾ ਰੰਗ ਕੋਈ ਵੀ ਹੋਵੇ। ਆਸਟਰੇਲੀਆ ਖ਼ਿਲਾਫ਼ ਪੂਲ ‘ਏ’ ਦੇ ਦੂਜੇ ਮੈਚ ਵਿੱਚ 1-7 ਨਾਲ ਨਮੋਸ਼ੀਜਨਕ ਹਾਰ ਝੱਲਣ ਮਗਰੋਂ ਭਾਰਤੀ ਟੀਮ ਲਗਾਤਾਰ ਚਾਰ ਮੈਚ ਜਿੱਤ ਚੁੱਕੀ ਹੈ। -ਪੀਟੀਆਈ
ਬੈਲਜੀਅਮ ਖ਼ਿਲਾਫ਼ ਸਰਵੋਤਮ ਪ੍ਰਦਰਸ਼ਨ ਦੀ ਪਏਗੀ ਲੋੜ
ਬੈਲਜੀਅਮ ਖ਼ਿਲਾਫ਼ ਵੀ ਮਨਪ੍ਰੀਤ ਸਿੰਘ ਦੀ ਟੀਮ ਨੂੰ ਇਹ ਲੈਅ ਬਰਕਰਾਰ ਰੱਖਣੀ ਹੋਵੇਗੀ। ਬੈਲਜੀਅਮ ਦੀ ਟੀਮ ਇਸ ਸਮੇਂ ਵਿਸ਼ਵ ਅਤੇ ਯੂਰੋਪੀ ਚੈਂਪੀਅਨ ਹੋਣ ਤੋਂ ਇਲਾਵਾ ਵਿਸ਼ਵ ਦੀ ਅੱਵਲ ਨੰਬਰ ਟੀਮ ਵੀ ਹੈ। ਦਰਜਾਬੰਦੀ ਦੇ ਹਿਸਾਬ ਨਾਲ ਦੋਵਾਂ ਟੀਮਾਂ ਵਿਚਾਲੇ ਜ਼ਿਆਦਾ ਫ਼ਰਕ ਨਹੀਂ ਹੈ ਕਿਉਂਕਿ ਭਾਰਤ ਵੀ ਆਲਮੀ ਦਰਜਾਬੰਦੀ ਵਿੱਚ ਤੀਜੇ ਨੰਬਰ ਦੀ ਟੀਮ ਹੈ। ਦੋਵਾਂ ਟੀਮਾਂ ਦਰਮਿਆਨ ਹਾਲ ਹੀ ਵਿੱਚ ਹੋਏ ਮੁਕਾਬਲਿਆਂ ਦਾ ਅੰਕੜਾ ਵੀ ਭਾਰਤ ਦੇ ਪੱਖ ਵਿੱਚ ਰਿਹਾ ਹੈ। ਭਾਰਤ ਨੇ 2019 ਵਿੱਚ ਬੈਲਜੀਅਮ ਦੇ ਦੌਰੇ ’ਤੇ ਮੇਜ਼ਬਾਨ ਟੀਮ ਖ਼ਿਲਾਫ਼ ਤਿੰਨ ਮੁਕਾਬਲੇ 2-1, 3-1 ਅਤੇ 5-1 ਨਾਲ ਜਿੱਤੇ ਸਨ। ਦੋਵਾਂ ਟੀਮਾਂ ਦਰਮਿਆਨ ਇਸ ਸਾਲ ਮਾਰਚ ਵਿੱਚ ਭਾਰਤ ਦੇ ਯੂਰੋਪ ਦੌਰੇ ਦੌਰਾਨ ਹੋਏ ਮੁਕਾਬਲੇ ਨੂੰ ਵੀ ਮਨਪ੍ਰੀਤ ਸਿੰਘ ਦੀ ਟੀਮ ਨੇ 3-2 ਨਾਲ ਜਿੱਤਿਆ ਸੀ। ਬੈਲਜੀਅਮ ਖ਼ਿਲਾਫ਼ ਪਿਛਲੇ ਪੰਜ ਮੈਚਾਂ ਵਿੱਚ ਭਾਰਤ ਨੇ ਚਾਰ ਜਿੱਤਾਂ ਦਰਜ ਕੀਤੀਆਂ ਹਨ। ਟੀਮ ਨੂੰ ਭਲਕੇ ਬੈਲਜੀਅਮ ਖ਼ਿਲਾਫ਼ ਜਿੱਤ ਦਰਜ ਕਰਨ ਲਈ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੋਵੇਗਾ।
ਭਾਰਤ ਦੇ ਅੱਜ ਦੇ ਮੁਕਾਬਲੇ
ਹਾਕੀ
•ਸਵੇਰੇ 7:00 ਵਜੇ ਭਾਰਤ ਬਨਾਮ ਬੈਲਜੀਅਮ ਪੁਰਸ਼ ਹਾਕੀ ਸੈਮੀ ਫਾਈਨਲ
ਅਥਲੈਟਿਕਸ
• ਸਵੇਰੇ 5:50 ਵਜੇ ਅਨੂ ਰਾਣੀ ਜੈਵਲਿਨ ਥ੍ਰੋਅ ਕੁਆਲੀਫਾਈਂਗ ਗੇੜ
•ਸਵੇਰੇ 3:45 ਵਜੇ ਤੇਜਿੰਦਰਪਾਲ ਸਿੰਘ ਤੂਰ ਸ਼ੌਟ ਪੁੱਟ ਪੁਰਸ਼ ਕੁਆਲੀਫਾਈਂਗ ਗੇੜ
ਕੁਸ਼ਤੀ
•ਸਵੇਰੇ 8:30 ਵਜੇ ਤੋਂ ਸੋਨਮ ਮਲਿਕ ਬਨਾਮ ਮੰਗੋਲੀਆ ਦੀ ਪਹਿਲਵਾਨ