ਲੰਡਨ, 9 ਜੂਨ
ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਅੱਜ ਇੱਥੇ ਐੱਫਆਈਐੱਚ ਪ੍ਰੋ ਲੀਗ ਵਿੱਚ ਸਖ਼ਤ ਮੁਕਾਬਲੇ ਦੌਰਾਨ ਗ੍ਰੇਟ ਬ੍ਰਿਟੇਨ ਤੋਂ 2-3 ਗੋਲਾਂ ਨਾਲ ਹਾਰ ਗਈਆਂ। ਮਹਿਲਾ ਟੀਮ ਦੀ ਇਹ ਅੱਠਵੀਂ ਹਾਰ ਸੀ। ਇਸ ਤਰ੍ਹਾਂ ਉਨ੍ਹਾਂ ਆਪਣੇ ਪ੍ਰੋ ਲੀਗ ਸੀਜ਼ਨ ਦੀ ਸਮਾਪਤੀ ਹਾਰ ਨਾਲ ਕੀਤੀ। ਮੈਚ ਵਿੱਚ ਜ਼ਿਆਦਾਤਰ ਸਮਾਂ ਚੰਗਾ ਪ੍ਰਦਰਸ਼ਨ ਕਰਨ ਮਗਰੋਂ ਆਖ਼ਰੀ ਪਲਾਂ ਦੌਰਾਨ ਗ੍ਰੇਸ ਬਾਲਡਸਨ ਨੇ 56ਵੇਂ ਅਤੇ 58ਵੇਂ ਮਿੰਟ ਵਿੱਚ ਦੋ ਗੋਲ ਦਾਗ਼ੇ, ਜਿਸ ਕਾਰਨ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਖ਼ਿਲਾਫ਼ ਦੋ ਫ਼ੈਸਲੇ ਲਏ ਗਏ, ਜਿਸ ਵਿੱਚ ਇੱਕ ਵੀਡੀਓ ਰਿਵਿਊ ਵੀ ਸ਼ਾਮਲ ਹੈ, ਜਿਸ ਨਾਲ ਕੋਚ ਹਰਿੰਦਰ ਸਿੰਘ ਨਿਰਾਸ਼ ਹੋ ਗਏ। ਸਕੋਰ ਜਦੋਂ 2-2 ਨਾਲ ਬਰਾਬਰ ਸੀ ਅਤੇ ਆਖ਼ਰੀ ਹੂਟਰ ਵੱਜਣ ਵਾਲਾ ਸੀ, ਉਦੋਂ ਹੀ ਬਾਲਡਸਨ ਨੇ ਸ਼ਕਤੀਸ਼ਾਲੀ ਡਰੈਗ ਫਲਿੱਕ ’ਤੇ ਜੇਤੂ ਗੋਲ ਦਾਗਿਆ। ਉਧਰ ਪੁਰਸ਼ ਟੀਮ ਦੇ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਇਕ ਪੈਨਲਟੀ ਬਚਾਈ ਪਰ ਉਹ ਗ੍ਰੇਟ ਬ੍ਰਿਟੇਨ ਨੂੰ ਜਿੱਤ ਤੋਂ ਨਹੀਂ ਰੋਕ ਸਕੇ। ਇੰਗਲੈਂਡ ਦੇ ਫਿਲ ਰੋਪਰ ਨੇ ਮੈਚ ਦੇ ਸ਼ੁਰੂ ’ਚ ਹੀ ਗੋਲ ਕਰ ਦਿੱਤਾ ਸੀ। ਭਾਰਤ ਵੱਲੋਂ ਸੁਖਜੀਤ ਸਿੰਘ ਨੇ ਦੂਜੇ ਕੁਆਰਟਰ ਦੇ ਚੌਥੇ ਮਿੰਟ ’ਚ ਗੋਲ ਕਰਕੇ ਬਰਾਬਰੀ ਦਿਵਾਈ। ਮੈਚ ਦੇ 36ਵੇਂ ਮਿੰਟ ’ਚ ਭਾਰਤ ਨੂੰ ਪੈੈਨਲਟੀ ਸਟਰੋਕ ਮਿਲਿਆ ਜਿਸ ’ਤੇ ਹਰਮਨਪ੍ਰੀਤ ਸਿੰਘ ਨੇ ਗੋਲ ਦਾਗ਼ ਦਿੱਤਾ। ਜੈਕ ਵਾਲਰ ਨੇ ਗੋਲ ਕਰਕੇ ਇੰਗਲੈਂਡ ਨੂੰ ਬਰਾਬਰੀ ’ਤੇ ਲਿਆ ਖੜ੍ਹਾ ਕੀਤਾ। ਇਸ ਮਗਰੋਂ 50ਵੇਂ ਮਿੰਟ ’ਚ ਐਲਨ ਫੋਰਸਿਥ ਨੇ ਗੋਲ ਦਾਗ਼ ਕੇ ਇੰਗਲੈਂਡ ਨੂੰ ਮੈਚ ’ਚ ਜਿੱਤ ਦਿਵਾ ਦਿੱਤੀ। -ਪੀਟੀਆਈ