ਨਵੀਂ ਦਿੱਲੀ, 28 ਫਰਵਰੀ
ਹਾਕੀ ਇੰਡੀਆ ਵਿਚ ਧੜੇਬੰਦੀ ਅਤੇ ਅੰਦਰੂਨੀ ਮਤਭੇਦਾਂ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਫੈਡਰੇਸ਼ਨ ਦੇ ਪ੍ਰਧਾਨ ਦਲੀਪ ਟਿਰਕੀ ਅਤੇ ਜਨਰਲ ਸਕੱਤਰ ਭੋਲਾਨਾਥ ਸਿੰਘ ਨੇ ਅੱਜ ਸਾਂਝੇ ਬਿਆਨ ਵਿਚ ਕਿਹਾ ਕਿ ਉਹ ਹਾਕੀ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਦੇ ਰਹਿਣਗੇ। ਹਾਕੀ ਇੰਡੀਆ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਉਨ੍ਹਾਂ ਕਿਹਾ, ‘ਸਾਬਕਾ ਅਧਿਕਾਰੀਆਂ ਨੇ ਮੀਡੀਆ ਵਿੱਚ ਕਿਹਾ ਹੈ ਕਿ ਹਾਕੀ ਇੰਡੀਆ ਵਿੱਚ ਧੜੇਬੰਦੀ ਹੈ। ਇਹ ਸਹੀ ਨਹੀਂ ਹੈ। ਅਸੀਂ ਹਾਕੀ ਦੇ ਭਲੇ ਲਈ ਇਕਜੁੱਟ ਹੋ ਕੇ ਕੰਮ ਕਰਦੇ ਰਹਾਂਗੇ।’ 13 ਸਾਲਾਂ ਬਾਅਦ ਭਾਰਤੀ ਹਾਕੀ ਨਾਲੋਂ ਨਾਤਾ ਤੋੜਨ ਤੋਂ ਬਾਅਦ ਸਾਬਕਾ ਸੀਈਓ ਐਲੀਨਾ ਨੌਰਮਨ ਨੇ ਕਿਹਾ ਸੀ ਕਿ ਹਾਕੀ ਇੰਡੀਆ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ, ਉਸ ਵਿੱਚ ਕੰਮ ਕਰਨਾ ਮੁਸ਼ਕਲ ਹੋ ਰਿਹਾ ਸੀ ਅਤੇ ਅਜਿਹੀ ਸਥਿਤੀ ਵਿੱਚ ਉਨ੍ਹਾਂ ਕੋਲ ਅਸਤੀਫ਼ਾ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਸੀ। ਉਨ੍ਹਾਂ ਕਿਹਾ ਸੀ ਕਿ ਹਾਕੀ ਇੰਡੀਆ ਵਿੱਚ ਦੋ ਗਰੁੱਪ ਹਨ। ਇੱਕ ਪਾਸੇ ਉਹ ਅਤੇ (ਪ੍ਰਧਾਨ) ਦਲੀਪ ਟਿਰਕੀ ਹਨ ਅਤੇ ਦੂਜੇ ਪਾਸੇ (ਸਕੱਤਰ) ਭੋਲਾਨਾਥ ਸਿੰਘ, (ਕਾਰਜਕਾਰੀ ਨਿਰਦੇਸ਼ਕ) ਕਮਾਂਡਰ ਆਰਕੇ ਸ੍ਰੀਵਾਸਤਵ ਅਤੇ (ਖਜ਼ਾਨਚੀ) ਸ਼ੇਖਰ ਜੇ. ਮਨੋਹਰਨ ਹਨ।