ਕੁਆਲਾਲੰਪੁਰ, 24 ਜੂਨ
ਭਾਰਤ ਐੱਫਆਈਐੱਚ ਜੂਨੀਅਰ ਹਾਕੀ ਵਿਸ਼ਵ ਕੱਪ-2023 ਦੇ ਸ਼ੁਰੂਆਤੀ ਦਿਨ 5 ਦਸੰਬਰ ਨੂੰ ਗਰੁੱਪ ਸੀ ਵਿੱਚ ਦੱਖਣੀ ਕੋਰੀਆ ਖ਼ਿਲਾਫ਼ ਆਪਣੀ ਮੁਹਿੰਮ ਦਾ ਆਗਾਜ਼ ਕਰੇਗਾ। ਟੂਰਨਾਮੈਂਟ 5 ਤੋਂ 16 ਦਸੰਬਰ ਤੱਕ ਮਲੇਸ਼ੀਆ ਦੇ ਬੁਕਤ ਜਲੀਲ ਕੌਮੀ ਹਾਕੀ ਸਟੇਡੀਅਮ ‘ਚ ਹੋਵੇਗਾ। ਭੁਵਨੇਸ਼ਵਰ ਵਿੱਚ 2021 ‘ਚ ਖੇਡੇ ਗਏ ਪਿਛਲੇ ਵਿਸ਼ਵ ਕੱਪ ‘ਚ ਚੌਥੇ ਸਥਾਨ ‘ਤੇ ਰਹੀ ਭਾਰਤੀ ਟੀਮ ਨੂੰ ਟੂਰਨਾਮੈਂਟ ਵਿੱਚ ਗਰੁੱਪ ਗੇੜ ‘ਚ ਸੌਖਾ ਡਰਾਅ ਮਿਲਿਆ ਹੈ। ਡਰਾਅ ਮੁਤਾਬਕ ਗਰੁੱਪ-ਸੀ ਵਿੱਚ ਭਾਰਤ ਅਤੇ ਦੱਖਣੀ ਕੋਰੀਆ ਤੋਂ ਇਲਾਵਾ ਸਪੇਨ ਅਤੇ ਕੈਨੈਡਾ ਸ਼ਾਮਲ ਹਨ। ਭਾਰਤ ਦਾ ਸਪੇਨ ਨਾਲ ਮੁਕਾਬਲਾ 7 ਦਸੰਬਰ ਨੂੰ ਅਤੇ ਕੈਨੇਡਾ ਨਾਲ 9 ਦਸੰਬਰ ਨੂੰ ਹੋਵੇਗਾ। ਅੱਜ ਇੱਥੇ ਪੁਤਰਜਯਾ ਦੇ ਮਰਕਰੀ ਲਿਵਿੰਗ ਹੋਟਲ ‘ਚ ਸਮਾਗਮ ਦੌਰਾਨ ਅਧਿਕਾਰਤ ਤੌਰ ‘ਤੇ ਟੂਰਨਾਮੈਂਟ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਜਾਰੀ ਸ਼ਡਿਊਲ ਮੁਤਾਬਕ ਮੇਜ਼ਬਾਨ ਮਲੇਸ਼ੀਆ ਨਾਲ ਅਰਜਨਟੀਨਾ, ਆਸਟਰੇਲੀਆ ਅਤੇ ਚਿੱਲੀ ਨੂੰ ਗਰੁੱਪ-ਏ ਵਿੱਚ ਰੱਖਿਆ ਗਿਆ ਜਦਕਿ ਗਰੁੱਪ-ਬੀ ਵਿੱਚ ਜਰਮਨੀ, ਫਰਾਂਸ, ਦੱਖਣੀ ਅਫਰੀਕਾ ਤੇ ਮਿਸਰ ਸ਼ਾਮਲ ਹਨ। ਗਰੁੱਪ-ਡੀ ਵਿੱਚ ਨੈਂਦਰਲੈਂਡਸ, ਬੈਲਜੀਅਮ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਨ। ਖੇਡ ਦੀ ਸਿਖਰਲੀ ਸੰਸਥਾ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਗਰੁੱਪਾਂ ਦਾ ਵਰਗੀਕਰਨ ਐੱਫਆਈਐੱਚ ਜੂਨੀਅਰ ਵਿਸ਼ਵ ਦਰਜਾਬੰਦੀ ਦੇ ਆਧਾਰ ‘ਤੇ ਕੀਤਾ ਗਿਆ ਹੈ। -ਪੀਟੀਆਈ
ਭਾਰਤੀ ਟੀਮ ਵਧੀਆ ਪ੍ਰਦਰਸ਼ਨ ਕਰੇਗੀ: ਕਪਤਾਨ
ਭਾਰਤੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਉੱਤਮ ਸਿੰਘ ਨੇ ਟੂਰਨਾਮੈਂਟ ‘ਚ ਵਧੀਆ ਪ੍ਰਦਰਸ਼ਨ ਕਰਨ ਦਾ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ, ”ਸੁਲਤਾਲ ਜੋਹੋਰ ਕੱਪ ਅਤੇ ਜੂਨੀਅਰ ਏਸ਼ੀਆ ਕੱਪ ਜਿੱਤਣ ਮਗਰੋਂ ਭਾਰਤੀ ਟੀਮ ਆਤਮਵਿਸ਼ਵਾਸ ਨਾਲ ਭਰੀ ਹੋਈ ਹੈ।