ਟੋਕੀਓ, 30 ਜੁਲਾਈ
ਸਟਰਾਈਕਰ ਗੁਰਜੰਟ ਸਿੰਘ ਦੇ ਦੋ ਗੋਲਾਂ ਦੀ ਬਦੌਲਤ ਭਾਰਤ ਪੁਰਸ਼ ਹਾਕੀ ਟੀਮ ਨੇ ਪੂਲ ਏ ਦੇ ਆਪਣੇ ਆਖਰੀ ਮੈਚ ਵਿੱਚ ਅੱਜ ਇਥੇ ਮੇਜ਼ਬਾਨ ਜਾਪਾਨ ਨੂੰ 5-3 ਨਾਲ ਹਰਾ ਕੇ ਕੁਆਰਟਰ ਫਾਈਨਲ ਤੋਂ ਪਹਿਲਾਂ ਆਤਮਵਿਸ਼ਵਾਸ ਵਧਾਉਣ ਵਾਲੀ ਜਿੱਤ ਦਰਜ ਕੀਤੀ ਹੈ। ਭਾਰਤ ਵੱਲੋਂ ਹਰਮਨਪ੍ਰੀਤ ਸਿੰਘ (13ਵੇਂ), ਗੁਰਜੰਟ ਸਿੰਘ (17ਵੇਂ ਤੇ 56ਵੇਂ), ਸ਼ਮਸ਼ੇਰ ਸਿੰਘ (34ਵੇਂ) ਤੇ ਨੀਲਕੰਠ ਸ਼ਰਮਾ (51ਵੇਂ ਮਿੰਟ) ਨੇ ਗੋਲ ਕੀਤੇ। ਜਾਪਾਨ ਵੱਲੋਂ ਕੇਂਤਾ ਟਨਾਕਾ (19ਵੇਂ), ਕੋਤਾ ਬਤਾਨਬੇ (33ਵੇਂ) ਤੇ ਕਾਜੁਮਾ ਮੁਰਾਤਾ (59ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਪਹਿਲਾਂ ਹੀ ਕੁਆਰਟਰ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਚੁੱਕਾ ਹੈ, ਪਰ ਮੇਜ਼ਬਾਨਾਂ ਖ਼ਿਲਾਫ਼ ਜਿੱਤ ਨਾਲ ਉਹ ਵੱਡੇ ਮਨੋਬਲ ਨਾਲ ਆਖਰੀ ਅੱਠ ਦੇ ਮੁਕਾਬਲੇ ਵਿੱਚ ਉਤਰੇਗਾ। ਭਾਰਤ ਨੇ ਪੂਲ ਗੇੜ ਵਿੱਚ ਜਾਪਾਨ ਤੋਂ ਇਲਾਵਾ ਨਿਊਜ਼ੀਲੈਂਡ, ਸਪੇਨ ਤੇ ਅਰਜਨਟੀਨਾ ਖ਼ਿਲਾਫ਼ ਜਿੱਤ ਦਰਜ ਕੀਤੀ ਹੈ ਜਦੋਂਕਿ ਆਸਟਰੇਲੀਆ ਖ਼ਿਲਾਫ਼ ਉਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।
ਜਾਪਾਨ ਖਿਲਾਫ਼ ਜਿੱਤ ਨਾਲ ਭਾਰਤ ਪੂਲ ਏ ਵਿੱਚ ਪੰਜ ਮੈਚਾਂ ਵਿੱਚ ਚਾਰ ਜਿੱਤਾਂ ਤੇ ਇਕ ਹਾਰ ਨਾਲ ਆਸਟਰੇਲੀਆ ਮਗਰੋਂ ਦੂਜੇ ਸਥਾਨ ’ਤੇ ਹੈ। ਕੁਆਰਟਰ ਫਾਈਨਲ ਵਿੱਚ ਉਸ ਦਾ ਮੁਕਾਬਲਾ ਗ੍ਰੇਟ ਬ੍ਰਿਟੇਨ ਨਾਲ ਹੋਵੇਗਾ, ਜੋ ਪੂਲ ਬੀ ਵਿੱਚ ਤੀਜੀ ਥਾਵੇਂ ਹੈ। ਕੁਆਰਟਰ ਫਾਈਨਲ ਮੁਕਾਬਲੇ ਐਤਵਾਰ ਨੂੰ ਖੇਡੇ ਜਾਣਗੇ। ਆਸਟਰੇਲੀਆ ਪੂਲ ਏ ਵਿੱਚ ਚਾਰ ਜਿੱਤਾਂ ਤੇ ਇਕ ਡਰਾਅ ਨਾਲ ਸਿਖਰ ’ਤੇ ਰਿਹਾ। ਮੇਜ਼ਬਾਨ ਜਾਪਾਨ ਦੀ ਟੀਮ ਸਿਰਫ਼ ਇਕ ਅੰਕ ਨਾਲ ਪੂਲ ਵਿੱਚ ਸਭ ਤੋਂ ਹੇਠਲੀ ਪਾਇਦਾਨ ’ਤੇ ਰਹੀ। ਦੋਵਾਂ ਪੂਲਾਂ ’ਚੋਂ ਸਿਖਰਲੀਆਂ ਚਾਰ ਟੀਮਾਂ ਹੀ ਕੁਆਰਟਰ ਫਾਈਨਲ ਗੇੜ ਵਿੱਚ ਪਹੁੰਚੀਆਂ ਹਨ। ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, ‘‘ਅਸੀਂ ਅੱਜ ਬਿਹਤਰ ਖੇਡ ਦਿਖਾਈ। ਪਹਿਲਾ ਕੁਆਰਟਰ ਬਹੁਤ ਚੰਗਾ ਰਿਹਾ। ਜਾਪਾਨ ਵੱਲੋਂ ਕੀਤੇ ਪਹਿਲੇ ਗੋਲ ਮਗਰੋਂ ਅਸੀਂ ਆਪਣੀ ਲੈਅ ਗੁਆ ਬੈਠੇ ਸੀ, ਪਰ ਦੂਜੇ ਅੱਧ ਵਿੱਚ ਅਸੀਂ ਮੁੜ ਮੈਚ ’ਤੇ ਆਪਣੀ ਪਕੜ ਬਣਾਈ। ਕੁਲ ਮਿਲਾ ਕੇ ਸਾਡਾ ਪ੍ਰਦਰਸ਼ਨ ਬਿਹਤਰ ਰਿਹਾ।’’ ਡਰੈਗ ਫਲਿੱਕਰ ਰੁਪਿੰਦਰਪਾਲ ਨੂੰ ਆਰਾਮ ਦਿਵਾਉਣ ਲਈ ਟੀਮ ’ਚੋਂ ਬਾਹਰ ਰੱਖਿਆ ਗਿਆ। -ਪੀਟੀਆਈ
ਆਇਰਲੈਂਡ ਨੂੰ 1-0 ਨਾਲ ਹਰਾਇਆ, ਦੱਖਣੀ ਅਫਰੀਕਾ ਖਿਲਾਫ਼ ‘ਕਰੋ ਜਾਂ ਮਰੋ’ ਮੁਕਾਬਲਾ ਅੱਜ
ਟੋਕੀਓ, 30 ਜੁਲਾਈ
ਨਵਨੀਤ ਕੌਰ ਵੱਲੋਂ ਆਖਰੀ ਮਿੰਟਾਂ ਵਿੱਚ ਕੀਤੇ ਗੋਲ ਦੀ ਮਦਦ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ਵਿੱਚ ਅੱਜ ਆਇਰਲੈਂਡ ਨੂੰ 1-0 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਦਾਖ਼ਲ ਹੋਣ ਦੀਆਂ ਆਪਣੀਆਂ ਆਸਾਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਭਾਰਤੀ ਟੀਮ ਹੁਣ ਭਲਕੇ ਪੂਲ ਏ ਦੇ ਆਖਰੀ ਮੈਚ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੇਗੀ। ਇਹ ਮੈਚ ਵੀ ਭਾਰਤ ਲਈ ‘ਕਰੋ ਜਾਂ ਮਰੋ’ ਵਾਲਾ ਹੋਵੇਗਾ ਤੇ ਮਹਿਲਾ ਟੀਮ ਨੂੰ ਹਰ ਹਾਲ ਮੈਚ ਜਿੱਤਣ ਤੋਂ ਇਲਾਵਾ ਆਪਣੀ ਗੋਲ ਔਸਤ ਵੀ ਬਿਹਤਰ ਰੱਖਣੀ ਹੋਵੇਗੀ। ਇਸ ਦੇ ਨਾਲ ਹੀ ਭਾਰਤੀ ਟੀਮ ਇਹ ਦੁਆ ਵੀ ਕਰੇਗੀ ਕਿ ਭਲਕੇ ਗ੍ਰੇਟ ਬ੍ਰਿਟੇਨ ਆਪਣੇ ਆਖਰੀ ਪੂਲ ਮੈਚ ਵਿੱਚ ਆਇਰਲੈਂਡ ਨੂੰ ਹਰਾ ਦੇਵੇ। ਪਹਿਲੇ ਤਿੰਨ ਕੁਆਰਟਰ ਗੋਲ ਰਹਿਤ ਰਹਿਣ ਮਗਰੋਂ ਨਵਨੀਤ ਨੇ ਮੈਚ ਦਾ ਇਕੋ-ਇਕ ਗੋਲ 57ਵੇਂ ਮਿੰਟ ਵਿੱਚ ਕੀਤਾ। ਇਸ ਤੋਂ ਪਹਿਲਾਂ ਭਾਰਤ ਨੂੰ ਮਿਲੇ 14 ਪੈਨਲਟੀ ਕਾਰਨਰ ਬੇਕਾਰ ਗਏ। ਭਾਰਤ ਨੂੰ ਸ਼ੁਰੂਆਤੀ ਤਿੰਨ ਮੈਚਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਮਗਰੋਂ ਆਇਰਲੈਂਡ ਖਿਲਾਫ਼ ਹਰ ਹਾਲ ਮੈਚ ਜਿੱਤਣਾ ਜ਼ਰੂਰੀ ਸੀ, ਪਰ ਭਾਰਤੀ ਟੀਮ ਨੂੰ ਜੇਤੂ ਗੋਲ ਲਈ 57 ਮਿੰਟ ਉਡੀਕ ਕਰਨੀ ਪਈ। ਭਾਰਤੀ ਖਿਡਾਰਨਾਂ ਨੇ ਕੋਈ ਮੌਕੇ ਬਣਾਏ, ਪਰ ਇਨ੍ਹਾਂ ਨੂੰ ਗੋਲ ਵਿੱਚ ਤਬਦੀਲ ਕਰ ’ਚ ਨਾਕਾਮ ਰਹੀਆਂ। ਭਾਰਤ ਨੂੰ ਨੀਦਰਲੈਂਡ ਖਿਲਾਫ਼ 5-1, ਜਰਮਨੀ ਤੋਂ 2-0 ਤੇ ਮੌਜੂਦਾ ਚੈਂਪੀਅਨ ਬ੍ਰਿਟੇਨ ਤੋਂ 4-1 ਦੀ ਕਰਾਰੀ ਸ਼ਿਕਸਤ ਮਿਲੀ ਸੀ। ਭਾਰਤੀ ਟੀਮ ਦੇ ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਖਿਡਾਰੀਆਂ ਦਾ ਜੋਸ਼ ਕੰਮ ਆਇਆ। ਉਨ੍ਹਾਂ ਕਿਹਾ, ‘‘ਸਾਡੀ ਗ਼ਲਤੀ ਸਿਰਫ਼ ਇਹ ਹੈ ਕਿ ਅਸੀਂ ਵਧ ਗੋਲ ਨਹੀਂ ਕਰ ਸਕੇ। ਆਇਰਲੈਂਡ ਖਿਲਾਫ਼ ਪੈਨਲਟੀ ਕਾਰਨਰ ’ਤੇ ਗੋਲ ਕਰਨਾ ਸੌਖਾ ਨਹੀਂ ਸੀ। ਕੁਝ ਮੌਕਿਆਂ ’ਤੇ ਸਾਡਾ ਪ੍ਰਦਰਸ਼ਨ ਵੀ ਚੰਗਾ ਨਹੀਂ ਰਿਹਾ, ਪਰ ਅਸੀਂ ਹਾਰ ਨਹੀਂ ਮੰਨੀ। ਮੈਚ ਵਿੱਚ 14 ਪੈਨਲਟੀ ਕਾਰਨਰ ਮਿਲਣਾ ਹੀ ਸਾਰੀ ਕਹਾਣੀ ਬਿਆਨ ਕਰ ਦਿੰਦਾ ਹੈ। ਅਸੀਂ ਆਇਰਲੈਂਡ ਜਿਹੀ ਟੀਮ ਨੂੰ ਹਰਾਇਆ ਤੇ ਇਸ ਜਿੱਤ ਨੂੰ ਅੰਕੜਿਆਂ ’ਚ ਨਹੀਂ ਵੇਖਿਆ ਜਾ ਸਕਦਾ।’’ -ਪੀਟੀਆਈ