ਨਵੀਂ ਦਿੱਲੀ, 4 ਜਨਵਰੀ
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕੋਵਿਡ-19 ਦੀ ਸਥਿਤੀ ਨੂੰ ਧਿਆਨ ’ਚ ਰੱਖਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਟੋਕੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਕਈ ਅੜਿੱਕਿਆਂ ਦਾ ਸਾਹਮਣਾ ਕਰਨ ਲਈ ਮਾਨਸਿਕ ਤੌਰ ’ਤੇ ਤਿਆਰ ਰਹਿਣਾ ਚਾਹੀਦਾ ਹੈ। ਕਰੋਨਾ ਮਹਾਮਾਰੀ ਕਾਰਨ ਪਿਛਲੇ ਵਰ੍ਹੇ ਮੁਲਤਵੀ ਕੀਤੀਆਂ ਗਈਆਂ ਓਲੰਪਿਕ ਖੇਡਾਂ ਹੁਣ ਇਸ ਵਰ੍ਹੇ 21 ਅਗਸਤ ਤੋਂ ਟੋਕੀਓ (ਜਾਪਾਨ) ’ਚ ਹੋਣੀਆਂ ਹਨ। ਮਨਪ੍ਰੀਤ ਨੇ ਕਿਹਾ, ‘ਪਿਛਲੇ ਸਾਲ ਸਭ ਤੋਂ ਵੱਡੀ ਸਿੱਖਿਆ ਬਾਹਰੀ ਚੀਜ਼ਾਂ ਤੋਂ ਖ਼ੁਦ ਨੂੰ ਪ੍ਰਭਾਵਿਤ ਨਾ ਹੋਣ ਦੇਣਾ ਸੀ।
ਕਈ ਅਨਿਸ਼ਚਿਤਤਾਵਾਂ ਹੋ ਸਕਦੀਆਂ ਹਨ ਪਰ ਸਾਨੂੰ ਸਿਰਫ ਉਨ੍ਹਾਂ ਚੀਜ਼ਾਂ ਨੂੰ ਲੈ ਕੇ ਚਿੰਤਾ ਕਰਨੀ ਚਾਹੀਦੀ ਹੈ ਜੋ ਸਾਡੇ ਕਾਬੂ ’ਚ ਹਨ ਅਤੇ ਆਪਣਾ ਸਰਬੋਤਮ ਹਾਸਲ ਕਰਨ ਦੀ ਦਿਸ਼ਾ ’ਚ ਕੰਮ ਕਰਨਾ ਚਾਹੀਦਾ ਹੈ।’ ਉਨ੍ਹਾਂ ਮੁਤਾਬਕ, ‘ਇਸ ਸਾਲ ਓਲੰਪਿਕ ਖੇਡਾਂ ਤੋਂ ਪਹਿਲਾਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਇਨ੍ਹਾਂ ਲਈ ਸਾਨੂੰ ਮਾਨਸਿਕ ਤੌਰ ’ਤੇ ਤਿਆਰ ਹੋਣ ਦੀ ਲੋੜ ਹੈ’। ਓਲੰਪਿਕ ’ਚ ਜਦ ਹੁਣ ਸਿਰਫ 200 ਦਿਨ ਹੀ ਬਚੇ ਹਨ ਤਾਂ ਮਨਪ੍ਰੀਤ ਅਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਦਾ ਕਹਿਣਾ ਹੈ ਕਿ ਖਿਡਾਰੀਆਂ ਨੂੰ ਟੋਕੀਓ ’ਚ ਆਪਣਾ ਟੀਚਾ ਹਾਸਲ ਕਰਨ ਲਈ ਸਰਬੋਤਮ ਯਤਨ ਕਰਨੇ ਪੈਣਗੇ। ਮਨਪ੍ਰੀਤ ਨੇ ਕਿਹਾ, ‘ਅਗਲੇ 200 ਦਿਨ ਸਾਡੀ ਜ਼ਿੰਦਗੀ ’ਚ ਅਹਿਮ ਦਿਨ ਹੋਣਗੇ। ਜੇਕਰ ਅਸੀਂ ਟੋਕੀਓ ਲਈ ਭਾਰਤੀ ਟੀਮ ’ਚ ਜਗ੍ਹਾ ਬਣਾਉਣੀ ਚਾਹੁੰਦੀ ਹਾਂ ਤਾਂ ਸਾਨੂੰ ਅਭਿਆਸ ਅਤੇ ਮੁਕਾਬਲੇ ’ਚ ਆਪਣਾ ਸੌ ਫ਼ੀਸਦੀ ਦੇਣਾ ਹੋਵੇਗਾ।’ ਰਾਣੀ ਰਾਮਪਾਲ ਨੇ ਸਹਿਮਤੀ ਜਤਾਈ ਕਿ ਖਿਡਾਰੀਆਂ ਨੂੰ ਅਗਲੇ ਕੁਝ ਮਹੀਨਿਆਂ ’ਚ ਆਪਣੀ ਖੇਡ ਦੇ ਸਾਰੇ ਖੇਤਰਾਂ ’ਚ ਸੁਧਾਰ ਕਰਨਾ ਪਵੇਗਾ। -ਏਜੰਸੀ