ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਵੈਸਟਇੰਡੀਜ਼ ਵਿਚ ਹੋਏ ਆਈਸੀਸੀ ਅੰਡਰ-19 ਵਿਸ਼ਵ ਕੱਪ ਵਿੱਚ ਜੇਤੂ ਟੀਮ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਚੰਡੀਗੜ੍ਹ ਦੇ ਦੋ ਨੌਜਵਾਨ ਖਿਡਾਰੀਆਂ ਰਾਜ ਅੰਗਦ ਬਾਵਾ ਅਤੇ ਹਰਨੂਰ ਸਿੰਘ ਪੰਨੂ ਨੂੰ ਅੱਜ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਤੇ ਯੂਟੀਸੀਏ ਦੇ ਪ੍ਰਧਾਨ ਸੰਜੇ ਟੰਡਨ ਵੱਲੋਂ ਸਾਬਕਾ ਕ੍ਰਿਕਟਰ ਕਪਿਲ ਦੇਵ ਦੀ ਮੌਜੂਦਗੀ ਵਿਚ ਸਨਮਾਨਿਤ ਕੀਤਾ ਗਿਆ। ਦੋਵਾਂ ਖਿਡਾਰੀਆਂ ਨੂੰ ਇਕ-ਇਕ ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਇਸ ਮੌਕੇ ਦੋਵਾਂ ਖਿਡਾਰੀਆਂ ਦੇ ਮਾਪਿਆਂ ਦੇ ਨਾਲ-ਨਾਲ ਉਨ੍ਹਾਂ ਦੇ ਕੋਚ ਰਵੀਕਾਂਤ ਸ਼ਰਮਾ ਦਾ ਵੀ ਸਨਮਾਨ ਕੀਤਾ ਗਿਆ। ਦੋਵਾਂ ਖਿਡਾਰੀਆਂ ਨੇ ਰਣਜੀ ਟਰਾਫੀ ਮੈਚਾਂ ਵਿਚ ਵੀ ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ ਸੀ। ਸੰਜੇ ਟੰਡਨ ਨੇ ਕਿਹਾ ਕਿ ਚੰਡੀਗੜ੍ਹ ਦੇ ਖਿਡਾਰੀਆਂ ਨੇ ਆਪਣੀ ਕਾਬਲੀਅਤ ਸਾਬਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਯੂਟੀਸੀਏ ਨੇ ਸਿਰਫ਼ ਤਿੰਨ ਸਾਲਾਂ ਵਿੱਚ ਹੀ ਬੀਸੀਸੀਆਈ ਦੇ ਘਰੇਲੂ ਮੁਕਾਬਲਿਆਂ ਵਿੱਚ ਹੀ ਨਹੀਂ ਸਗੋਂ ਆਈਸੀਸੀ ਦੇ ਵੱਕਾਰੀ ਟੂਰਨਾਮੈਂਟ ਵਿੱਚ ਵੀ ਆਪਣੀ ਛਾਪ ਛੱਡੀ ਹੈ। ਬਾਵਾ ਨੇ ਵਿਸ਼ਵ ਕੱਪ ਵਿੱਚ ਕੁੱਲ 252 ਦੌੜਾਂ ਬਣਾਉਣ ਦੇ ਨਾਲ-ਨਾਲ ਨੌਂ ਵਿਕਟਾਂ ਲਈਆਂ ਸਨ। ਹਰਨੂਰ ਦਾ ਪ੍ਰਦਰਸ਼ਨ ਟੂਰਨਾਮੈਂਟ ਵਿੱਚ ਤਸੱਲੀਬਖਸ਼ ਰਿਹਾ ਤੇ ਉਸ ਨੇ ਕੁੱਲ 141 ਦੌੜਾਂ ਬਣਾਈਆਂ।