ਬਿਊਨਸ ਆਇਰਸ, 7 ਅਕਤੂਬਰ
ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ (35) ਨੇ ਪੁਸ਼ਟੀ ਕੀਤੀ ਹੈ ਕਿ ਕਤਰ ’ਚ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲਾ ਫੁਟਬਾਲ ਵਿਸ਼ਵ ਕੱਪ ਉਸ ਦੇ ਕਰੀਅਰ ਦਾ ਆਖਰੀ ਵਿਸ਼ਵ ਕੱਪ ਹੋਵੇਗਾ। ਮੈਸੀ ਆਪਣੇ ਪੰਜਵੇਂ ਵਿਸ਼ਵ ਕੱਪ ’ਚ ਖੇਡੇਗਾ ਪਰ ਉਸ ਨੂੰ ਅਜੇ ਤੱਕ ਪਹਿਲੇ ਖ਼ਿਤਾਬ ਦੀ ਉਡੀਕ ਹੈ। ਮੈਸੀ ਨੇ ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਕਿਹਾ ਕਿ ਉਸ ਨੂੰ ਕੁਝ ਬੇਚੈਨੀ ਵੀ ਹੈ ਪਰ ਕਤਰ ਵਿਸ਼ਵ ਕੱਪ ਆਖਰੀ ਹੋਵੇਗਾ। ਫੁਟਬਾਲ ਵਿਸ਼ਵ ਕੱਪ 20 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਪੈਰਿਸ ਸੇਂਟ ਜਰਮੇਨ (ਪੀਐੱਸਜੀ) ਦੇ ਸਟਰਾਈਕਰ ਨੇ ਆਪਣੇ ਭਵਿੱਖ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਉਂਝ ਮੈਸੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਤਰ ਤੋਂ ਬਾਅਦ ਕੌਮੀ ਟੀਮ ਤੋਂ ਸੇਵਾਮੁਕਤ ਹੋਵੇਗਾ ਜਾਂ ਨਹੀਂ। ਅਰਜਨਟੀਨਾ ਨੇ 1978 ਅਤੇ 1986 ’ਚ ਵਿਸ਼ਵ ਕੱਪ ਜਿੱਤਿਆ ਸੀ। ਟੀਮ ਦਾ ਇਸ ਵਾਰ ਪਹਿਲਾ ਮੁਕਾਬਲਾ 22 ਨਵੰਬਰ ਨੂੰ ਸਾਊਦੀ ਅਰਬ ਨਾਲ ਹੋਵੇਗਾ। ਗਰੁੱਪ ਸੀ ’ਚ ਅਰਜਨਟੀਨਾ ਤੇ ਸਾਊਦੀ ਅਰਬ ਦੇ ਨਾਲ ਮੈਕਸਿਕੋ ਅਤੇ ਪੋਲੈਂਡ ਦੀਆਂ ਟੀਮਾਂ ਵੀ ਹਨ। -ਏਪੀ