ਦੁਬਈ: ਭਾਰਤੀ ਟੀਮ ਅਤੇ ਆਫ-ਸਪਿੰਨਰ ਰਵੀਚੰਦਰਨ ਅਸ਼ਿਵਨ ਅੱਜ ਇੱਥੇ ਜਾਰੀ ਕੀਤੀ ਗਈ ਆਈਸੀਸੀ ਟੈਸਟ ਰੈਂਕਿੰਗ ਵਿੱਚ ਸਿਖਰ ’ਤੇ ਕਾਇਮ ਹਨ, ਜਦਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਇੰਗਲੈਂਡ ਦੇ ਜੋਅ ਰੂਟ ਨੂੰ ਪਛਾੜ ਕੇ ਨੰਬਰ ਇੱਕ ਬੱਲੇਬਾਜ਼ ਬਣ ਗਿਆ ਹੈ। ਪਿਛਲੇ ਮਹੀਨੇ ਆਸਟਰੇਲੀਆ ਖ਼ਿਲਾਫ਼ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਾਰਨ ਵਾਲੀ ਭਾਰਤੀ ਟੀਮ ਪਹਿਲੇ ਸਥਾਨ ’ਤੇ ਬਣੀ ਹੋਈ ਹੈ। ਅਸ਼ਿਵਨ ਵੀ ਗੇਦਬਾਜ਼ਾਂ ਦੀ ਸੂਚੀ ਵਿੱਚ ਪਹਿਲੇ ਸਥਾਨ ’ਤੇ ਹੈ। ਇਸ ਸੀਨੀਅਰ ਆਫ-ਸਪਿੰਨਰ ਦੇ 860 ਅੰਕ ਹਨ। ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਦੋ ਸਥਾਨ ਅੱਗੇ ਵਧਦਿਆਂ 826 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਭਾਰਤ ਦੇ ਹੀ ਰਵਿੰਦਰ ਜਡੇਜਾ ਆਲਰਾਊਂਡਰ ਦੀ ਸੂਚੀ ਵਿੱਚ 434 ਅੰਕਾਂ ਨਾਲ ਸਿਖਰ ’ਤੇ ਕਾਇਮ ਹੈ। ਅਸ਼ਿਵਨ ਵੀ ਇਸ ਸੂਚੀ ਵਿੱਚ ਦੂਜੇ ਸਥਾਨ ’ਤੇ ਬਰਕਰਾਰ ਹੈ ਪਰ ਅਕਸ਼ਰ ਪਟੇਲ ਆਲਰਾਊਂਡਰ ਦੀ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਖਿਸਕ ਗਿਆ ਹੈ। ਪਿਛਲੇ ਸਾਲ ਦਸੰਬਰ ਵਿੱਚ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ ਮਗਰੋਂ ਕ੍ਰਿਕਟ ਤੋਂ ਦੂਰ ਰਹਿਣ ਵਾਲਾ ਵਿਕਟਕੀਪਰ ਰਿਸ਼ਭ ਪੰਤ 10ਵੇਂ ਨੰਬਰ ਨਾਲ ਭਾਰਤ ਦਾ ਸਿਖਰਲਾ ਬੱਲੇਬਾਜ਼ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਕਰਮਵਾਰ 12ਵੇਂ ਅਤੇ 13ਵੇਂ ਸਥਾਨ ’ਤੇ ਹਨ। ਸ਼ੁਭਮਨ ਗਿੱਲ ਇੱਕ ਰੋਜ਼ਾ ਕੌਮਾਂਤਰੀ ਬੱਲੇਬਾਜ਼ੀ ਰੈਂਕਿੰਗ ਵਿੱਚ ਪੰਜਵੇਂ ਸਥਾਨ ’ਤੇ ਹੈ, ਜਦਕਿ ਕੋਹਲੀ (ਅੱਠਵੇਂ) ਅਤੇ ਰੋਹਿਤ (10ਵੇਂ) ਵੀ ਸਿਖਰਲੇ 10 ਖਿਡਾਰੀਆਂ ਵਿੱਚ ਸ਼ਾਮਲ ਹਨ। ਮੁਹੰਮਦ ਸਿਰਾਜ ਗੇਦਬਾਜ਼ਾਂ ਦੀ ਸੂਚੀ ਵਿੱਚ ਸਿਖਰਲੇ 10 ਖਿਡਾਰੀਆਂ ’ਚ ਸ਼ਾਮਲ ਇਕਲੌਤਾ ਭਾਰਤੀ ਖਿਡਾਰੀ ਹੈ ਅਤੇ ਉਹ ਟੈਸਟ ਰੈਂਕਿੰਗ ਵਿੱਚ ਦੂਜੇ ਨੰਬਰ ’ਤੇ ਹੈ। -ਪੀਟੀਆਈ