ਹੈਦਰਾਬਾਦ, 10 ਅਕਤੂਬਰ
ਮੁਹੰਮਦ ਰਿਜ਼ਵਾਨ ਅਤੇ ਅਬਦੁੱਲ੍ਹਾ ਸ਼ਫੀਕ ਦੇ ਸ਼ਾਨਦਾਰ ਸੈਂਕੜਿਆਂ ਦੀ ਮਦਦ ਨਾਲ ਪਾਕਿਸਤਾਨ ਨੇ ਅੱਜ ਇੱਥੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਰੋਮਾਂਚਕ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਨੇ ਨੌਂ ਵਿਕਟਾਂ ’ਤੇ 344 ਦੌੜਾਂ ਬਣਾਈਆਂ ਸਨ। ਪਾਕਿਸਤਾਨ ਨੇ ਇਹ ਟੀਚਾ 48.2 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 348 ਦੌੜਾਂ ਬਣਾ ਕੇ ਪੂਰਾ ਕਰ ਲਿਆ। ਪਾਕਿਸਤਾਨ ਲਈ ਰਿਜ਼ਵਾਨ ਨੇ 121 ਗੇਂਦਾਂ ਵਿੱਚ ਨਾਬਾਦ 134 ਦੌੜਾਂ, ਸ਼ਫੀਕ ਨੇ 103 ਗੇਂਦਾਂ ਵਿੱਚ 113 ਦੌੜਾਂ, ਸਾਊਦ ਸ਼ਕੀਲ ਨੇ 31, ਇਫਤਿਖਾਰ ਅਹਿਮਦ ਨੇ 22, ਇਮਾਮ-ਉਲ-ਹੱਕ ਨੇ 12 ਅਤੇ ਕਪਤਾਨ ਬਾਬਰ ਆਜ਼ਮ ਨੇ 10 ਦੌੜਾਂ ਬਣਾਈਆਂ। ਸ੍ਰੀਲੰਕਾ ਲਈ ਦਿਲਸ਼ਾਨ ਮਦੂਸ਼ਾਂਕਾ ਨੇ ਦੋ ਅਤੇ ਮਥੀਸ਼ਾ ਪਥੀਰਾਨਾ ਤੇ ਮਹੇਸ਼ ਤੀਕਸ਼ਨਾ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਕੁਸਲ ਮੈਂਡਿਸ ਅਤੇ ਸਦਾਰਾ ਸਮਰਵਿਕਰਮ ਦੇ ਸੈਂਕੜੇ ਦੀ ਮਦਦ ਨਾਲ ਸ੍ਰੀਲੰਕਾ ਨੇ ਨੌਂ ਵਿਕਟਾਂ ਦੇ ਨੁਕਸਾਨ ’ਤੇ 344 ਦੌੜਾਂ ਬਣਾਈਆਂ। ਮੈਂਡਿਸ ਨੇ 77 ਗੇਂਦਾਂ ’ਤੇ 122 ਦੌੜਾਂ ਬਣਾਈਆਂ, ਜੋ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸ੍ਰੀਲੰਕਾ ਲਈ ਸਭ ਤੋਂ ਤੇਜ਼ ਸੈਂਕੜਾ ਹੈ। ਇਸੇ ਤਰ੍ਹਾਂ ਸਮਰਵਿਕਰਮ ਨੇ 89 ਗੇਂਦਾਂ ਵਿੱਚ 108 ਦੌੜਾਂ, ਪਾਥੁਮ ਨਿਸਾਂਕਾ ਨੇ 61 ਗੇਂਦਾਂ ਵਿੱਚ 51 ਦੌੜਾਂ, ਧਨੰਜੈ ਡੀ ਸਿਲਵਾ ਨੇ 34 ਅਤੇ ਕਪਤਾਨ ਦਾਸੁਨ ਸ਼ਨਾਕਾ ਨੇ 12 ਦੌੜਾਂ ਬਣਾਈਆਂ। ਪਾਕਿਸਤਾਨ ਲਈ ਹਸਨ ਅਲੀ ਨੇ ਚਾਰ, ਹੈਰਿਸ ਰਾਊਫ ਨੇ ਦੋ ਅਤੇ ਸ਼ਾਹੀਨ ਅਫਰੀਦੀ, ਮੁਹੰਮਦ ਨਵਾਜ਼ ਤੇ ਸ਼ਦਾਬ ਖਾਨ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ
ਇੰਗਲੈਂਡ ਨੇ ਬੰਗਲਾਦੇਸ਼ ਨੂੰ 137 ਦੌੜਾਂ ਨਾਲ ਦਿੱਤੀ ਮਾਤ
ਧਰਮਸ਼ਾਲਾ: ਸਲਾਮੀ ਬੱਲੇਬਾਜ਼ ਡੇਵਿਡ ਮਲਾਨ ਦੇ ਸੈਂਕੜੇ ਤੋਂ ਬਾਅਦ ਰੀਸ ਟੋਪਲੇ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਨੇ ਅੱਜ ਇੱਥੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਇੱਕਤਰਫਾ ਮੈਚ ’ਚ ਬੰਗਲਾਦੇਸ਼ ਨੂੰ 137 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ ਨਿਰਧਾਰਤ 50 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 364 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਬੰਗਲਾਦੇਸ਼ 48.2 ਓਵਰਾਂ ਵਿੱਚ 227 ਦੌੜਾਂ ’ਤੇ ਹੀ ਆਊਟ ਹੋ ਗਿਆ। ਇੰਗਲੈਂਡ ਲਈ ਮਲਾਨ ਨੇ 140, ਜੋਅ ਰੂਟ ਨੇ 82, ਜੌਨੀ ਬੇਅਰਸਟੋਅ ਨੇ 52 ਅਤੇ ਜੋਸ ਬਟਲਰ ਤੇ ਹੈਰੀ ਬਰੁੱਕ ਨੇ 20-20 ਦੌੜਾਂ ਦਾ ਯੋਗਦਾਨ ਪਾਇਆ। ਬੰਗਲਾਦੇਸ਼ ਲਈ ਮਹਿਦੀ ਹਸਨ ਨੇ ਚਾਰ, ਸ਼ੋਰੀਫੁਲ ਇਸਲਾਮ ਨੇ ਤਿੰਨ ਅਤੇ ਤਸਕੀਨ ਅਹਿਮਦ ਤੇ ਕਪਤਾਨ ਸ਼ਾਕਬਿ ਅਲ ਹਸਨ ਨੇ ਇੱਕ-ਇੱਕ ਵਿਕਟ ਲਈ। ਵੱਡੇ ਟੀਚੇ ਦਾ ਪਿੱਛਾ ਕਰਦਿਆਂ ਬੰਗਲਾਦੇਸ਼ ਲਈ ਸਿਰਫ ਲਿਟਨ ਦਾਸ (76) ਅਤੇ ਵਿਕਟਕੀਪਰ ਮੁਸ਼ਫਿਕੁਰ ਰਹੀਮ (51) ਹੀ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਕੁਝ ਹੱਦ ਤੱਕ ਮੁਕਾਬਲਾ ਕਰ ਸਕੇ। ਇੰਗਲੈਂਡ ਲਈ ਰੀਸ ਟੋਪਲੇ ਨੇ 43 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦਕਿ ਕ੍ਰਿਸ ਵੋਕਸ ਨੇ ਦੋ ਵਿਕਟਾਂ ਲਈਆਂ। ਮਾਰਕ ਵੁੱਡ, ਆਦਿਲ ਰਾਸ਼ਿਦ, ਲਿਆਮ ਲਵਿਿੰਗਸਟੋਨ ਅਤੇ ਸੈਮ ਕਰਨ ਨੇ ਇੱਕ-ਇੱਕ ਵਿਕਟ ਲਈ। -ਪੀਟੀਆਈ