ਬਰਮਿੰਘਮ: ਰਾਸ਼ਟਰਮੰਡਲ ਖੇਡਾਂ ਦੇ ਆਪਣੇ ਪਹਿਲੇ ਟੀਮ ਮੁਕਾਬਲੇ ਵਿਚ ਭਾਰਤ ਨੇ ਅੱਜ ਪਾਕਿਸਤਾਨ ਨੂੰ 5-0 ਨਾਲ ਹਰਾ ਦਿੱਤਾ। ਬੀ. ਸੁਮੀਤ ਰੈੱਡੀ ਤੇ ਮਾਚੀਮਾਂਡਾ ਪੋਨੱਪਾ ਦੀ ਜੋੜੀ ਨੇ ਮਿਕਸਡ ਡਬਲਜ਼ ਮੁਕਾਬਲੇ ਵਿਚ ਮੁਹੰਮਦ ਇਰਫਾਨ ਸਈਦ ਭੱਟੀ ਤੇ ਗਜ਼ਾਲਾ ਸਿੱਦਿਕੀ ਉਤੇ 21-9, 21-12 ਨਾਲ ਇਕਪਾਸੜ ਜਿੱਤ ਹਾਸਲ ਕੀਤੀ। ਮਿਕਸਡ ਡਬਲਜ਼ ਦੀ ਸਫ਼ਲਤਾ ਨੂੰ ਕਿਦਾਂਬੀ ਸ੍ਰੀਕਾਂਤ ਨੇ ਪੁਰਸ਼ ਸਿੰਗਲਜ਼ ਮੁਕਾਬਲੇ ਨਾਲ ਅੱਗੇ ਵਧਾਉਂਦਿਆਂ ਮੁਰਾਦ ਅਲੀ ਨੂੰ ਅਸਾਨੀ ਨਾਲ 21-7, 21-12 ਨਾਲ ਮਾਤ ਦਿੱਤੀ। ਭਾਰਤੀ ਖਿਡਾਰੀਆਂ ਦਾ ਦਬਦਬਾ ਮਹਿਲਾ ਸਿੰਗਲਜ਼ ਦੇ ਮੈਚ ਵਿਚ ਵੀ ਜਾਰੀ ਰਿਹਾ ਜਿੱਥੇ ਦੋ ਵਾਰ ਉਲੰਪਿਕ ਤਗਮਾ ਜੇਤੂ ਪੀਵੀ ਸਿੰਧੂ ਨੂੰ ਇਸ ਤੋਂ ਬਾਅਦ ਮਹਿਲਾ ਸਿੰਗਲਜ਼ ਮੈਚ ਵਿਚ ਮਹੂਰ ਸ਼ਹਿਜ਼ਾਦ ਨੂੰ ਹਰਾਉਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਈ। ਸਿੰਧੂ ਨੇ 21-7, 21-6 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਚੌਥੇ ਮੈਚ (ਪੁਰਸ਼ ਡਬਲਜ਼) ਵਿਚ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਮੁਰਾਦ ਅਲੀ ਤੇ ਮੁਹੰਮਦ ਇਰਫਾਨ ਸਈਦ ਭੱਟੀ ਨੂੰ 21-12, 21-9 ਨਾਲ ਹਰਾਇਆ। ਆਖ਼ਰੀ ਮੈਚ (ਮਹਿਲਾ ਡਬਲਜ਼) ਵਿਚ ਭਾਰਤ ਦੀ ਟਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਜੋੜੀ ਨੇ ਮਹੂਰ ਸ਼ਹਿਜ਼ਾਦ ਤੇ ਗਜ਼ਾਲਾ ਸਿੱਦਿਕੀ ਦੀ ਜੋੜੀ ਨੂੰ 21-4, 21-5 ਨਾਲ ਮਾਤ ਦਿੱਤੀ। -ਪੀਟੀਆਈ