ਮਾਨਚੈਸਟਰ: ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਜਾਣ ਵਾਲਾ ਪੰਜਵਾਂ ਤੇ ਆਖ਼ਰੀ ਕ੍ਰਿਕਟ ਟੈਸਟ ਮੈਚ ਅੱਜ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੇਜ਼ਬਾਨ ਕ੍ਰਿਕਟ ਬੋਰਡ ਨੇ ਕਿਹਾ ਕਿ ‘ਇੰਗਲੈਂਡ ਦਾ ਦੌਰਾ ਕਰ ਰਹੀ ਭਾਰਤੀ ਟੀਮ ਆਪਣੇ ਖਿਡਾਰੀਆਂ ਨੂੰ ਮੈਦਾਨ ਵਿਚ ਉਤਾਰਨ ਤੋਂ ਅਸਮਰੱਥ ਹੈ ਤੇ ਮੈਚ ਛੱਡ ਰਹੀ ਹੈ।’ ਦੱਸਣਯੋਗ ਹੈ ਕਿ ਭਾਰਤੀ ਟੀਮ ਦਾ ਫਿਜ਼ੀਓ ਯੋਗੇਸ਼ ਪਰਮਾਰ ਕੋਵਿਡ ਪਾਜ਼ੇਟਿਵ ਹੈ ਤੇ ਇਸ ਦੇ ਮੱਦੇਨਜ਼ਰ ਭਾਰਤੀ ਟੀਮ ਨੇ ਮੈਚ ਨਾ ਖੇਡਣ ਦਾ ਫ਼ੈਸਲਾ ਕੀਤਾ ਹੈ। ਖਿਡਾਰੀਆਂ ਨੂੰ ਚਿੰਤਾ ਸੀ ਕਿ ਵਾਇਰਸ ਮੈਚ ਦੌਰਾਨ ਫੈਲ ਸਕਦਾ ਹੈ। ਇਸ ਲਈ ਟਾਸ ਤੋਂ ਕੁਝ ਘੰਟੇ ਪਹਿਲਾਂ ਇਸ ਨੂੰ ਰੱਦ ਕਰ ਦਿੱਤਾ ਗਿਆ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਵੱਲੋਂ ਬਿਆਨ ਜਾਰੀ ਕਰ ਕੇ ਇਹ ਸ਼ਬਦ ਵਰਤਣਾ ਕਿ ਭਾਰਤੀ ਟੀਮ ਮੈਚ ‘ਛੱਡ’ ਰਹੀ ਹੈ, ਨੂੰ ਮਗਰੋਂ ਹਟਾ ਲਿਆ ਗਿਆ। ਬਾਅਦ ਵਿਚ ਜਾਰੀ ਬਿਆਨ ’ਚ ਈਸੀਬੀ ਨੇ ਕਿਹਾ ਕਿ ਕੈਂਪ ਅੰਦਰ ਕੋਵਿਡ ਕੇਸਾਂ ਵਿਚ ਵਾਧਾ ਰੋਕਣ ਲਈ ਭਾਰਤ ਨੇ ਅਫ਼ਸੋਸ ਜਤਾਉਂਦਿਆਂ ਟੀਮ ਨਾ ਭੇਜਣ ਦਾ ਫ਼ੈਸਲਾ ਕੀਤਾ ਹੈ। ਵੇਰਵਿਆਂ ਮੁਤਾਬਕ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿਚ ਖਿਡਾਰੀਆਂ ਨੇ ਆਪਣੇ ਖ਼ਦਸ਼ੇ ਜ਼ਾਹਿਰ ਕੀਤੇ ਸਨ ਤੇ ਬੀਸੀਸੀਆਈ ਨੂੰ ਮੈਚ ਨਾ ਖੇਡਣ ਬਾਰੇ ਦੱਸ ਦਿੱਤਾ ਸੀ। ਬੀਸੀਸੀਆਈ ਨੇ ਕਿਹਾ ਕਿ ਮੈਚ ਬਾਅਦ ਵਿਚ ਵੀ ਕਰਵਾਇਆ ਜਾ ਸਕਦਾ ਹੈ। -ਪੀਟੀਆਈ