ਬਰਮਿੰਘਮ, 2 ਅਗਸਤ
ਸਾਬਕਾ ਚੈਂਪੀਅਨ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ਾਂ ਦੇ ਟੇਬਲ ਟੈਨਿਸ ਮੁਕਾਬਲੇ ਦੇ ਫਾਈਨਲ ਵਿਚ ਸਿੰਗਾਪੁਰ ਨੂੰ 3-1 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ ਹੈ। ਹਰਮੀਤ ਦੇਸਾਈ ਤੇ ਜੀ ਸਾਥਿਆਨ ਦੀ ਜੋੜੀ ਨੇ ਯੋਨ ਇਜ਼ਾਕ ਕਵੇਕ ਤੇ ਯੂ ਇਨ ਕੋਏਨ ਪਾਂਗ ਦੀ ਜੋੜੀ ਨੂੰ 13-11, 11-7, 11-5 ਨਾਲ ਮਾਤ ਦੇ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।
ਪਰ ਤਜਰਬੇਕਾਰ ਸ਼ਰਤ ਕਮਲ ਆਪਣੀ ਲੈਅ ਨੂੰ ਜਾਰੀ ਨਹੀਂ ਰੱਖ ਸਕੇ। ਸੈਮੀਫਾਈਨਲ ਵਿਚ ਨਾਇਜੀਰੀਆ ਦੇ ਵਿਸ਼ਵ ਦਰਜਾਬੰਦੀ ਵਿਚ 15ਵੇਂ ਸਥਾਨ ਉਤੇ ਕਾਬਜ਼ ਖਿਡਾਰੀ ਅਰੂਣਾ ਕਾਦਰੀ ਨੂੰ ਹਰਾਉਣ ਵਾਲੇ ਸ਼ਰਤ ਪੁਰਸ਼ ਸਿੰਗਲਜ਼ ਦੇ ਪਹਿਲੇ ਮੈਚ ਵਿਚ ਝੇ ਯੂ ਕਲਾਰੈਂਸ ਚੀਯੂ ਤੋਂ ਹਾਰ ਗਏ। ਸਿੰਗਾਪੁਰ ਦੇ ਖਿਡਾਰੀ ਨੇ ਉਨ੍ਹਾਂ ਨੂੰ 11-7, 12-14, 11-3, 11-9 ਨਾਲ ਹਰਾਇਆ। ਸੰਸਾਰ ਦਰਜਾਬੰਦੀ ਵਿਚ 35ਵੇਂ ਸਥਾਨ ਉਤੇ ਕਾਬਜ਼ ਜੀ ਸਾਥਿਆਨ ਨੇ ਇਸ ਤੋਂ ਬਾਅਦ ਪਾਂਗ ਨੂੰ 12-10, 7-11, 11-7, 11-4 ਨਾਲ ਹਰਾ ਕੇ ਮੁਕਾਬਲੇ ਵਿਚ ਭਾਰਤ ਦੀ ਵਾਪਸੀ ਕਰਾਈ। ਹਰਮੀਤ ਦੇਸਾਈ ਨੇ ਇਸ ਤੋਂ ਬਾਅਦ ਤੀਜੇ ਸਿੰਗਲਜ਼ ਮੁਕਾਬਲੇ ਵਿਚ ਚੀਯੂ ਨੂੰ 11-8, 11-5, 11-6 ਨਾਲ ਹਰਾ ਕੇ ਸ਼ਰਤ ਦੀ ਹਾਰ ਦਾ ਬਦਲਾ ਲੈਣ ਦੇ ਨਾਲ ਹੀ ਭਾਰਤ ਨੂੰ ਮੁਕਾਬਲੇ ਵਿਚ ਸੋਨ ਤਗਮਾ ਜਿਤਾ ਦਿੱਤਾ। -ਪੀਟੀਆਈ