ਦੁਬਈ: ਭਾਰਤ ਨੇ ਮੈਲਬਰਨ ਟੈਸਟ ਜਿੱਤ ਕੇ ਅਗਲੇ ਸਾਲ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਵਰਲਡ ਟੈਸਟ ਚੈਂਪੀਅਨਸ਼ਿਪ (ਡਬਲਯੂਟੀਸੀ) ਦੇ ਫਾਈਨਲ ਵਿੱਚ ਆਪਣੇ ਆਪ ਨੂੰ ਬਰਕਰਾਰ ਰੱਖਿਆ ਹੈ। ਬੁੱਧਵਾਰ ਨੂੰ ਜਾਰੀ ਰਿਪੋਰਟ ਅਨੁਸਾਰ, ਭਾਰਤ ਇਸ ਵਿੱਚ ਦੂਜੇ ਸਥਾਨ ’ਤੇ ਹੈ। ਭਾਰਤ ਨੇ ਮੈਲਬਰਨ ਵਿਚ ਅੱਠ ਵਿਕਟਾਂ ਦੀ ਜਿੱਤ ਨਾਲ 30 ਅੰਕ ਹਾਸਲ ਕੀਤੇ ਹਨ। ਟੀਮ ਨੇ 390 ਅੰਕਾਂ ਵਿੱਚੋਂ 72.2 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਸਥਾਨ ਬਰਕਰਾਰ ਰੱਖਿਆ। ਭਾਰਤ ਖ਼ਿਲਾਫ਼ ਬਾਕਸਿੰਗ ਡੇਅ ਟੈਸਟ ਵਿੱਚ ਹਾਰਨ ਤੇ ਹੌਲੀ ਓਵਰ ਰੇਟ ਲਈ ਜੁਰਮਾਨੇ ਦੇ ਬਾਵਜੂਦ, ਆਸਟਰੇਲਿਆਈ ਟੀਮ ਚੋਟੀ ਉੱਤੇ ਹੈ। ਟੀਮ ਦੇ 322 ਅੰਕਾਂ ਵਿਚੋਂ 76.6 ਪ੍ਰਤੀਸ਼ਤ ਅੰਕ ਹਨ। ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਪਹਿਲੇ ਟੈਸਟ ਮੈਚ ਵਿਚ ਪਾਕਿਸਤਾਨ ਖ਼ਿਲਾਫ਼ 101 ਦੌੜਾਂ ਦੀ ਜਿੱਤ ਨਾਲ ਆਪਣੀ ਸਥਿਤੀ ਤੀਜੀ ਥਾਂ ’ਤੇ ਮਜ਼ਬੂਤ ਕਰ ਲਈ ਹੈ। ਇੰਗਲੈਂਡ ਅਤੇ ਪਾਕਿਸਤਾਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਟੇਬਲ ਵਿੱਚ ਪਹਿਲੇ ਪੰਜਾਂ ਵਿੱਚ ਸ਼ਾਮਲ ਹਨ। ਲੀਗ ਪੜਾਅ ਖ਼ਤਮ ਹੋਣ ਤੋਂ ਬਾਅਦ, ਦੋ ਚੋਟੀ ਦੀਆਂ ਰੈਂਕਿੰਗ ਵਾਲੀਆਂ ਟੀਮਾਂ ਪ੍ਰਤੀਸ਼ਤਤਾ ਦੇ ਆਧਾਰ ’ਤੇ ਫਾਈਨਲ ਵਿਚ ਖੇਡਣਗੀਆਂ। ਅੰਕਾਂ ਦੇ ਆਧਾਰ ’ਤੇ ਭਾਰਤ ਚੋਟੀ ’ਤੇ ਹੈ ਪਰ ਆਈਸੀਸੀ ਨੇ ਕੋਵਿਡ-19 ਮਹਾਮਾਰੀ ਕਾਰਨ ਕੌਮਾਂਤਰੀ ਕ੍ਰਿਕਟ ਸੀਜ਼ਨ ਵਿੱਚ ਰੁਕਾਵਟ ਆਉਣ ਤੋਂ ਬਾਅਦ ਪਿਛਲੇ ਮਹੀਨੇ ਅੰਕ ਪ੍ਰਣਾਲੀ ਵਿੱਚ ਸੋਧ ਕੀਤੀ ਸੀ। ਹੁਣ ਚੋਟੀ ਦੀਆਂ ਦੋ ਟੀਮਾਂ ਦਾ ਫ਼ੈਸਲਾ ਪ੍ਰਤੀਸ਼ਤ ਅੰਕ ਦੇ ਆਧਾਰ ’ਤੇ ਕੀਤਾ ਜਾਵੇਗਾ।
-ਪੀਟੀਆਈ