ਧਰਮਸ਼ਾਲਾ, 6 ਮਾਰਚ
ਪਿਛਲੇ ਤਿੰਨ ਮੈਚਾਂ ’ਚ ਜਿੱਤ ਨਾਲ ਲੜੀ ’ਚ ਜੇਤੂ ਲੀਡ ਹਾਸਲ ਕਰਨ ਵਾਲੀ ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਭਲਕੇ 7 ਮਾਰਚ ਤੋਂ ਇੱਥੇ ਸ਼ੁਰੂ ਹੋਣ ਵਾਲੇ ਪੰਜਵੇਂ ਤੇ ਆਖਰੀ ਟੈਸਟ ਮੈਚ ਨੂੰ ਆਪਣੇ ਸਟਾਰ ਆਫ ਸਪਿੰਨਰ ਰਵੀਚੰਦਰਨ ਅਸ਼ਿਵਨ ਲਈ ਯਾਦਗਾਰੀ ਬਣਾਉਣ ਦੀ ਕੋਸ਼ਿਸ਼ ਕਰੇਗੀ ਜਿਸ ਦਾ ਇਹ 100ਵਾਂ ਟੈਸਟ ਮੈਚ ਹੋਵੇਗਾ। ਇੰਗਲੈਂਡ ਦੇ ਵਿਕਟਕੀਪਰ ਬੱਲੇਬਾਜ਼ ਜੌਨੀ ਬੇਅਰਸਟੋਅ ਦਾ ਵੀ ਇਹ 100ਵਾਂ ਟੈਸਟ ਮੈਚ ਹੋਵੇਗਾ ਅਤੇ ਉਸ ਦੀ ਟੀਮ ਵੀ ਜਿੱਤ ਨਾਲ ਆਪਣੀ ਮੁਹਿੰਮ ਖਤਮ ਕਰਨਾ ਚਾਹੇਗੀ।
ਭਾਰਤ ਨੇ ਰਾਂਚੀ ’ਚ ਚੌਥਾ ਟੈਸਟ ਮੈਚ ਜਿੱਤ ਕੇ ਘਰੇਲੂ ਧਰਤੀ ’ਤੇ ਆਪਣਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਿਆ ਅਤੇ ਹੁਣ ਉਸ ਦੀਆਂ ਨਜ਼ਰਾਂ ਲੜੀ ’ਚ 4-1 ਨਾਲ ਜਿੱਤ ਦਰਜ ਕਰਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਆਪਣੇ ਸਿਖਰਲੇ ਸਥਾਨ ਨੂੰ ਮਜ਼ਬੂਤ ਕਰਨ ’ਤੇ ਟਿਕੀਆਂ ਹੋਈਆਂ ਹਨ। ਇੱਥੋਂ ਦੀ ਪਿੱਚ ਤੇ ਮੌਸਮ ਨੂੰ ਦੇਖ ਕੇ ਇੰਗਲੈਂਡ ਨੂੰ ਘਰੇਲੂ ਧਰਤੀ ’ਤੇ ਖੇਡਣ ਦਾ ਅਹਿਸਾਸ ਹੋ ਰਿਹਾ ਹੈ। ਮੈਚ ਦੇ ਪਹਿਲੇ ਦੋ ਦਿਨ ਤਾਪਮਾਨ 10 ਡਿਗਰੀ ਸੈਲਸੀਅਤ ਤੱਕ ਰਹਿਣ ਦੀ ਸੰਭਾਵਨਾ ਹੈ ਜਦਕਿ ਉਸ ਤੋਂ ਬਾਅਦ ਤਾਪਮਾਨ ’ਚ ਕੁਝ ਵਾਧਾ ਹੋ ਸਕਦਾ ਹੈ। ਸਾਰੇ ਦਿਨਾਂ ’ਚ ਮੈਚ ਦੀ ਸ਼ੁਰੂਆਤ ਦੌਰਾਨ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਣ ਦੀ ਉਮੀਦ ਹੈ। ਇਸ ਮੈਦਾਨ ’ਤੇ ਹੁਣ ਤੱਕ ਸਿਰਫ਼ ਇੱਕ ਟੈਸਟ ਮੈਚ 2017 ’ਚ ਖੇਡਿਆ ਗਿਆ ਸੀ ਜਿਸ ’ਚ ਭਾਰਤ ਨੇ ਆਸਟਰੇਲੀਆ ਨੂੰ ਹਰਾਇਆ ਸੀ। ਭਾਰਤ ਦੇ ਮੈਦਾਨ ’ਚ ਦੋ ਤੇਜ਼ ਗੇਂਦਬਾਜ਼ਾਂ ਤੇ ਤਿੰਨ ਸਪਿੰਨਰਾਂ ਨਾਲ ਹੀ ਉੱਤਰਨ ਦੀ ਸੰਭਾਵਨਾ ਹੈ। ਜਸਪ੍ਰੀਤ ਬੁਮਰਾਹ ਦੀ ਵਾਪਸੀ ਨਾਲ ਭਾਰਤੀ ਤੇਜ਼ ਗੇਂਦਬਾਜ਼ੀ ਦਾ ਹਮਲਾ ਮਜ਼ਬੂਤ ਹੋਇਆ ਹੈ। ਉਸ ਨਾਲ ਮੁਹੰਮਦ ਸਿਰਾਜ ਮੋਰਚਾ ਸੰਭਾਲੇਗਾ ਜਦਕਿ ਸਪਿੰਨ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਅਸ਼ਿਵਨ, ਰਵਿੰਦਰ ਜਡੇਜਾ ਤੇ ਕੁਲਦੀਪ ਯਾਦਵ ਦੇ ਮੋਢਿਆਂ ’ਤੇ ਹੋਵੇਗੀ। ਕੇਐੱਲ ਰਾਹੁਲ ਦੇ ਪੂਰੀ ਤਰ੍ਹਾਂ ਤੰਦਰੁਸਤ ਨਾ ਹੋਣ ਕਾਰਨ ਰਜਤ ਪਾਟੀਦਾਰ ਨੂੰ ਇੱਕ ਹੋਰ ਮੌਕਾ ਮਿਲ ਸਕਦਾ ਹੈ। ਦੂਜੇ ਪਾਸੇ ਇੰਗਲੈਂਡ ਵੀ ਇਸ ਦੌਰੇ ਦਾ ਅੰਤ ਜਿੱਤ ਨਾਲ ਕਰਨਾ ਚਾਹੇਗਾ ਅਤੇ ਉਹ ਬੇਅਰਸਟੋਅ ਲਈ ਇਸ ਮੈਚ ਨੂੰ ਯਾਦਗਾਰੀ ਬਣਾਉਣ ਦੀ ਕੋਸ਼ਿਸ਼ ਕਰੇਗਾ। ਇੰਗਲੈਂਡ ਨੇ ਜੇਮਸ ਐਂਡਰਸਨ ਨਾਲ ਮਾਰਕ ਵੁੱਡ ਨੂੰ ਤੇਜ਼ ਗੇਂਦਬਾਜ਼ੀ ਲਈ ਟੀਮ ’ਚ ਰੱਖਿਆ ਹੈ। ਸ਼ੋਏਬ ਬਸ਼ੀਰ ਤੇ ਟੌਮ ਹਾਰਟਲੇ ਸਪਿੰਨ ਗੇਂਦਬਾਜ਼ੀ ਦੀ ਕਮਾਨ ਸੰਭਾਲਣਗੇ। ਮੈਚ ਸਵੇਰੇ 9.30 ਵਜੇ ਸ਼ੁਰੂ ਹੋਵੇਗਾ। -ਪੀਟੀਆਈ