ਬੈਂਕਾਕ, 12 ਮਈ
ਭਾਰਤੀ ਪੁਰਸ਼ ਟੀਮ ਮਲੇਸ਼ੀਆ ’ਤੇ 3-2 ਨਾਲ ਜਿੱਤ ਦਰਜ ਕਰ ਕੇ ਥੌਮਸ ਕੱਪ ਦੇ ਸੈਮੀ ਫਾਈਨਲ ’ਚ ਪਹੁੰਚ ਗਈ ਹੈ ਜਿਸ ਨਾਲ ਭਾਰਤ ਦਾ ਕਾਂਸੀ ਤਗ਼ਮਾ ਪੱਕਾ ਹੋ ਗਿਆ ਹੈ। ਭਾਰਤ ਦਾ ਅਗਲਾ ਮੁਕਾਬਲਾ ਹੁਣ ਕੋਰੀਆ ਜਾਂ ਡੈਨਮਾਰਕ ਨਾਲ ਹੋਵੇਗਾ। ਥੌਮਸ ਕੱਪ ਦੇ ਇਤਿਹਾਸ ’ਚ ਇਹ ਭਾਰਤ ਦਾ ਪਹਿਲਾ ਤਗ਼ਮਾ ਹੋਵੇਗਾ।
ਇਸ ਤੋਂ ਪਹਿਲਾਂ ਓਲੰਪਿਕ ’ਚ ਦੋ ਵਾਰ ਦੀ ਤਗ਼ਮਾ ਜੇਤੂ ਪੀ.ਵੀ. ਸਿੰਧੂ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਬੈਡਮਿੰੰਟਨ ਟੀਮ ਅੱਜ ਇੱਥੇ ਊਬਰ ਕੱਪ ਦੇ ਕੁਆਰਟਰ ਫਾਈਨਲ ’ਚ ਥਾਈਲੈਂਡ ਤੋਂ 0-3 ਨਾਲ ਹਾਰ ਕੇ ਬਾਹਰ ਹੋ ਗਈ ਹੈ। ਦੁਨੀਆ ਦੀ ਸੱਤਵੇਂ ਨੰਬਰ ਦੀ ਖਿਡਾਰਨ ਸਿੰਧੂ ਲਗਾਤਾਰ ਦੂਜੇ ਦਿਨ ਆਪਣੇ ਰੌਂਅ ’ਚ ਦਿਖਾਈ ਨਹੀਂ ਦਿੱਤੀ ਅਤੇ ਪਹਿਲੇ ਸਿੰਗਲ ਮੈਚ ’ਚ ਦੁਨੀਆਂ ਦੀ ਅੱਠਵੇਂ ਨੰਬਰ ਦੀ ਖਿਡਾਰਨ ਰਤਚਾਨੋਕ ਇੰਤਾਨੋਨ ਤੋਂ 59 ਮਿੰਟ ’ਚ 21-18, 17-21, 12-21 ਨਾਲ ਹਾਰ ਗਈ। ਇਸ ਹਾਰ ਤੋਂ ਬਾਅਦ ਸਿੰਘੂ ਦਾ ਇੰਤਾਨੋਨ ਖ਼ਿਲਾਫ਼ ਰਿਕਾਰਡ 4-7 ਹੋ ਗਿਆ ਹੈ। ਸ਼ਰੁਤੀ ਮਿਸ਼ਰਾ ਤੇ ਸਿਮਰਨ ਸਿੰਘੀ ਦੀ ਮਹਿਲਾ ਡਬਲ ਜੋੜੀ ਨੂੰ ਜੌਂਗਕੋਲਫਾਨ ਕਿਤਿਥਾਰਾਕੁਲ ਤੇ ਰਾਵਿੰਦਾ ਪ੍ਰਾਜੌਂਗਜਈ ਤੋਂ 16-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਭਾਰਤ 0-2 ਨਾਲ ਪੱਛੜ ਗਿਆ। ਇਸ ਤੋਂ ਬਾਅਦ ਆਕਰਸ਼ੀ ਕਸ਼ਯਪ ਵੀ ਦੂਜੇ ਸਿੰਗਲ ਮੈਚ ’ਚ ਪੋਰਨਪਾਵੀ ਚੋਚੂਵੌਂਗ ਤੋਂ 16-21, 11-21 ਨਾਲ ਹਾਰ ਗਈ। -ਪੀਟੀਆਈ