ਟੋਕੀਓ, 31 ਜੁਲਾਈ
ਤੀਰਅੰਦਾਜ਼ੀ ਵਿੱਚ ਤਗ਼ਮੇ ਲਈ ਆਖਰੀ ਉਮੀਦ ਅਤਨੂ ਦਾਸ ਅੱਜ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ’ਚ ਹਾਰ ਨਾਲ ਟੋਕੀਓ ਓਲੰਪਿਕ ’ਚੋਂ ਬਾਹਰ ਹੋ ਗਿਆ। ਇਕ ਵਾਰ ਫਿਰ ਤੀਰਅੰਦਾਜ਼ੀ ਵਿੱਚ ਭਾਰਤ ਦੀ ਝੋਲੀ ਖਾਲੀ ਰਹੀ ਹੈ। ਅਤਨੂ ਦਾਸ ਨੂੰ ਪੁਰਸ਼ਾਂ ਦੇ ਵਿਅਕਤੀਗਤ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਜਾਪਾਨ ਦੇ ਟਾਕਾਹਾਰੂ ਫੁਰੂਕਾਵਾ ਤੋਂ 4-6 ਨਾਲ ਹਾਰ ਗਿਆ। ਦਾਸ ਪੰਜਵੇਂ ਸੈੱਟ ’ਚ ਇੱਕ ਵਾਰ ਵੀ 10 ਦਾ ਸਕੋਰ ਨਹੀਂ ਬਣਾ ਸਕਿਆ ਅਤੇ 8 ਦਾ ਸਕੋਰ ਉਸ ’ਤੇ ਭਾਰੀ ਪਿਆ। ਦੁਨੀਆ ਦੀ ਨੰਬਰ ਇੱਕ ਮਹਿਲਾ ਤੀਰਅੰਦਾਜ਼ ਦੀਪਿਕਾ ਕੁਮਾਰੀ ਦੀ ਹਾਰ ਮਗਰੋਂ ਭਾਰਤ ਨੂੰ ਅਤਨੂ ਦਾਸ ਤੋਂ ਹੀ ਉਮੀਦਾਂ ਸਨ। ਪਿਛਲੇ ਮੈਚ ਵਿੱਚ ਦਾਸ ਨੇ ਲੰਡਨ ਓਲੰਪਿਕ ’ਚ ਚਾਂਦੀ ਦਾ ਤਗ਼ਮਾ ਜੇਤੂ ਓਹ ਜਿਨ ਹਯੇਕ ਨੂੰ ਹਰਾਇਆ ਸੀ ਪਰ ਉਹ ਇੱਥੇ ਟੀਮ ਵਰਗ ’ਚ ਕਾਂਸੀ ਜਿੱਤ ਚੁੱਕੇ ਜਾਪਾਨੀ ਤੀਰਅੰਦਾਜ਼ ਫੁਰੂਕਾਵਾ ਨੂੰ ਨਾ ਹਰਾ ਸਕਿਆ।
ਹਾਰ ਤੋਂ ਬਾਅਦ ਦਾਸ ਨੇ ਕਿਹਾ, ‘‘ਓਲੰਪਿਕ ’ਚ ਹਰ ਮੈਚ ਵੱਖਰਾ ਹੁੰਦਾ ਹੈ। ਹਾਲਾਤ, ਮਾਨਸਿਕ ਸਥਿਤੀ ਅਤੇ ਹੋਰ ਸਭ ਕੁਝ ਵੀ। ਮੈਂ ਪਿਛਲੇ ਮੈਚ ਨਾਲ ਤੁਲਨਾ ਨਹੀਂ ਕਰਨਾ ਚਾਹੁੰਦਾ। ਮੈਂ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ।’’ ਉਸ ਨੇ ਕਿਹਾ, ‘‘ਮੈਂ ਸ਼ਾਇਦ ਜ਼ਿਆਦਾ ਦਬਾਅ ਲੈ ਲਿਆ ਸੀ। ਖੇਡ ’ਚ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ। ਅਗਲੀ ਵਾਰ ਮੈਂ ਹੋਰ ਮਿਹਨਤ ਕਰਾਂਗਾ। ਸਾਨੂੰ ਓਲੰਪਿਕ ’ਚ ਵਧੀਆ ਖੇਡਣ ਲਈ ਚੰਗੀ ਰਣਨੀਤੀ ਦੀ ਲੋੜ ਹੈ। ਅਸੀਂ ਕਾਫੀ ਕੁਝ ਸਿੱਖਿਆ ਹੈ ਅਤੇ ਇਹ ਤਣਾਅ ’ਤੇ ਕਾਬੂ ਪਾਉਣ ਦਾ ਮਾਮਲਾ ਹੈ। ਹੁਣ ਨਜ਼ਰਾਂ ਵਿਸ਼ਵ ਚੈਂਪੀਅਨਸ਼ਿਪ ਅਤੇ ਵਿਸ਼ਵ ਫਾਈਨਲ ’ਤੇ ਹਨ।’’ -ਪੀਟੀਆਈ