ਦੁਬਈ, 31 ਦਸੰਬਰ
ਭਾਰਤ ਨੇ ਅੰਡਰ-19 ਏਸ਼ੀਆ ਕੱਪ ਵਿੱਚ ਆਪਣੀ ਸਰਦਾਰੀ ਕਾਇਮ ਰੱਖਦਿਆਂ ਅੱਜ ਮੀਂਹ ਪ੍ਰਭਾਵਿਤ ਫਾਈਨਲ ਮੁਕਾਬਲੇ ਵਿੱਚ ਸ੍ਰੀਲੰਕਾ ਨੂੰ ਡਕਵਰਥ ਲੂਈਸ ਫਾਰਮੂਲੇ ਤਹਿਤ 9 ਵਿਕਟਾਂ ਨਾਲ ਹਰਾ ਕੇ ਰਿਕਾਰਡ ਅੱਠਵਾਂ ਖਿਤਾਬ ਆਪਣੇ ਨਾਂ ਕਰ ਲਿਆ। ਭਾਰਤੀ ਗੇਂਦਬਾਜ਼ ਫਾਈਨਲ ਮੁਕਾਬਲੇ ਦੌਰਾਨ ਪੂਰੀ ਤਰ੍ਹਾਂ ਲੈਅ ਵਿੱਚ ਨਜ਼ਰ ਆਏ। ਮੀਂਹ ਕਰਕੇ ਮੈਚ ਰੋਕੇ ਜਾਣ ਮੌਕੇ ਸ੍ਰੀਲੰਕਾ ਨੇ 33 ਓਵਰਾਂ ਵਿੱਚ 74 ਦੌੜਾਂ ’ਤੇ ਸੱਤ ਵਿਕਟਾਂ ਗੁਆ ਲਈਆਂ ਸਨ। ਦੋ ਘੰਟੇ ਮਗਰੋਂ ਮੈਚ ਮੁੜ ਸ਼ੁਰੂ ਹੋਇਆ ਤਾਂ ਖੇਡ 38-38 ਓਵਰਾਂ ਦੀ ਕਰ ਦਿੱਤੀ ਗਈ। ਸ੍ਰੀਲੰਕਾ ਨੇ 9 ਵਿਕਟਾਂ ’ਤੇ 106 ਦੌੜਾਂ ਬਣਾਈਆਂ। ਡਕਵਰਥ ਲੂਈਸ ਫਾਰਮੂਲੇ ਤਹਿਤ ਭਾਰਤ ਨੂੰ 38 ਓਵਰਾਂ ਵਿੱਚ 102 ਦੌੜਾਂ ਦਾ ਸੋਧਿਆ ਹੋਇਆ ਟੀਚਾ ਮਿਲਿਆ। ਭਾਰਤ ਨੇ ਜੇਤੂ ਟੀਚੇ ਨੂੰ 21.3 ਓਵਰਾਂ ਵਿੱਚ ਇਕ ਵਿਕਟ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਭਾਰਤ ਲਈ ਅੰਗਰੀਸ਼ ਰਘੂਵੰਸ਼ੀ ਨੇ ਨਾਬਾਦ 56 ਦੌੜਾਂ ਬਣਾਈਆਂ। ਸ਼ੇਖ ਰਸ਼ੀਦ 31 ਦੌੜਾਂ ਨਾਲ ਨਾਬਾਦ ਤੇ ਹਰਨੂਰ ਸਿੰਘ ਨੇ 5 ਦੌੜਾਂ ਬਣਾਈਆਂ। -ਪੀਟੀਆਈ